- ਸਰਕਾਰ ਵੱਲੋਂ ਯੂਨੀਅਨ ਦੀਆਂ ਮੰਗਾਂ ਨੂੰ ਅਣਗੋਲਿਆ ਕਰਨ ਦੇ ਰੋਸ਼ ਵਜੋਂ ਕੀਤਾ ਐਲਾਨ
ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਇਜ਼ ਯੂਨੀਅਨ (ਰਜਿ:) ਪੰਜਾਬ ਵੱਲੋਂ ਸੂਬਾ ਸਰਕਾਰ ਕੋਲ ਰੱਖੀਆਂ ਮੰਗਾਂ ਨੂੰ ਅਣਗੋਲਿਆ ਕਰਨ ਦੇ ਰੋਸ਼ ਵਜੋਂ 09 ਅਤੇ 10 ਅਪ੍ਰੈਲ, 2021 ਨੂੰ ਕਾਲੇ ਬਿੱਲੇ ਲਗਾ ਕੇ ਡਿਊਟੀ ਕੀਤੀ ਜਾਵੇਗੀ। ਸਮੂਹ ਸਟੇਟ ਕਮੇਟੀ, ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਇਜ਼ ਯੂਨੀਅਨ (ਰਜਿ:) ਪੰਜਾਬ ਦੇ ਜਨਰਲ ਸਕੱਤਰ ਸ.ਪ੍ਰੇਮਜੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਰਾਜ ਦੇ ਡਰਾਈਵਰਾਂ ਦੇ ਹਿੱਤਾ ਸਬੰਧੀ ਮੰਗੀਆਂ ਜਾਣ ਵਾਲੀਆਂ ਮੰਗਾਂ, ਜਿਨ੍ਹਾਂ ਵਿੱਚ ਪੰਜਾਬ ਵੱਲੋਂ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, ਆਉਟਸੋਰਸ/ਕੰਟਰੈਕਟ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਸਾਰੀਆਂ ਸਰਕਾਰੀ ਗੱਡੀਆਂ ਦੀ ਇੰਸੋਰੈਂਸ ਕਰਨਾ, ਡਰਾਈਵਰਾਂ ਦੀ ਰੈਗੂਲਰ ਭਰਤੀ ਸ਼ੁਰੂ ਕਰਨਾ ਅਤੇ ਠੇਕੇਦਾਰੀ ਸਿਸਟਮ ਬੰਦ ਕਰਨਾ, 200 ਰੁਪਏ ਪ੍ਰਤੀ ਮਹੀਨਾਂ ਜਜੀਆ ਟੈਕਸ ਬੰਦ ਕਰਨਾ ਆਦਿ ਸ਼ਾਮਿਲ ਹਨ, ਨੂੰ ਮੰਨਣ ਤੋਂ ਪਿਛਲੇ ਲੰਬੇ ਸਮੇਂ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਵਿਰੁੱਧ ਰੋਸ਼ ਦੇ ਪ੍ਰਗਟਾਵੇ ਹਿੱਤ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਦੇ ਸਮੂਹ ਡਰਾਈਵਰ 09 ਅਤੇ 10 ਅਪ੍ਰੈਲ, 2021 ਨੂੰ ਕਾਲੇ ਬਿੱਲੇ ਲਗਾਕੇ ਡਿਊਟੀ ਕਰਨਗੇ । ਚੇਅਰਮੈਨ ਕੁਲਵੰਤ ਸਿੰਘ ਢਿੱਲ਼ੋ, ਸਰਪ੍ਰਸਤ ਨਿਰਮਲ ਸਿੰਘ ਗਰੇਵਾਲ, ਚੇਅਰਮੈਨ ਆਲ ਇੰਡੀਆ ਗੋਰਮਿੰਟ ਡਰਾਈਵਰ ਫੈਡਰੇਸ਼ਨ ਹਰਵਿੰਦਰ ਸਿੰਘ ਕਾਲਾ, ਸੰਗਰੂਰ ਤੋਂ ਆਲ ਇੰਡੀਆ ਗੋਰਮਿੰਟ ਡਰਾਂੀਵਰ ਫੈਡਰੇਸ਼ਨ ਦੇ ਸਕੱਤਰ ਅਨਿਲ ਕੁਮਾਰ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਇਜ਼ ਯੂਨੀਅਨ (ਰਜਿ:) ਪੰਜਾਬ ਵੱਲੋਂ ਸਖ਼ਤ ਫੈਂਸਲਾ ਲੈਂਦੇ ਹੋਏ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ।