Sunday, May 11

ਡੀ.ਸੀ. ਅਤੇ ਸੀ.ਪੀ. ਵੱਲੋਂ ਡਾਬਾ ਵਿਖੇ ਡਿੱਗੀ ਫੈਕਟਰੀ ਦੀ ਛੱਤ ਦਾ ਲਿਆ ਜਾਇਜ਼ਾ

  • ਐਨ.ਡੀ.ਆਰ.ਐਫ-ਐਸ.ਡੀ.ਆਰ.ਐਫ ਟੀਮਾਂ ਵੱਲੋਂ 37 ਮਜ਼ਦੂਰਾਂ ਦਾ ਬਚਾਅ ਕੀਤਾ ਗਿਆ, ਬਾਕੀ 3 ਮਜ਼ਦੂਰਾਂ ਦੇ ਬਚਾਅ ਲਈ ਕੋਸ਼ਿਸਾਂ ਜਾਰੀ
  • ਹਾਦਸੇ ਦੌਰਾਨ 3 ਮਜ਼ਦੂਰਾਂ ਦੀ ਹੋਈ ਮੌਤ, 7 ਦੇ ਲੱਗੀਆਂ ਸੱਟਾਂ
  • ਦੁਰਘਟਨਾਂ ਲਈ ਮਾਲਕ ਤੇ ਠੇਕੇਦਾਰ ਖਿਲਾਫ਼ ਮਾਮਲਾ ਦਰਜ਼

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਸਵੇਰੇ ਬਾਬਾ ਮੁਕੰਦ ਸਿੰਘ ਨਗਰ, ਡਾਬਾ ਰੋਡ ਵਿਖੇ ਇੱਕ ਡਿੱਗੀ ਫੈਕਟਰੀ ਦੀ ਛੱਤ ਦਾ ਜਾਇਜ਼ਾ ਲਿਆ। ਘਟਨਾ ਸਥੱਲ ਦਾ ਮੁਆਇਨਾ ਕਰਦਿਆਂ ਉਨ੍ਹਾਂ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ), ਸਟੇਟ ਡਿਜਾਸਟਰ ਰਿਸਪਾਂਸ ਫੰਡ (ਐਸ.ਡੀ.ਆਰ.ਐਫ), ਫਾਇਰ ਬ੍ਰਿਗੇਡ, ਸਥਾਨਕ ਪੁਲਿਸ ਅਤੇ ਹੋਰ ਟੀਮਾਂ ਨੂੰ ਬਚਾਅ ਕਾਰਜਾਂ ਦਾ ਜਿੰਮਾ ਸੌਂਪਿਆ ਤਾਂ ਜੋ ਜਸਮੇਲ ਸਿੰਘ ਐਂਡ ਸੰਨਜ ਨਾਮੀ ਆਟੋ-ਪਾਰਟ ਨਿਰਮਾਤਾ ਕੰਪਨੀ ਵਿਚ ਬਾਕੀ ਫਸੇ ਵਿਅਕਤੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਵੇਰੇ 09:50 ਵਜੇ ਵਾਪਰੀ ਘਟਨਾ ਮੌਕੇ 40 ਮਜ਼ਦੂਰ ਫੈਕਟਰੀ ਵਿੱਚ ਕੰਮ ਕਰ ਰਹੇੇ ਸਨ ਅਤੇ ਟੀਮਾਂ ਵੱਲੋਂ 37 ਵਿਅਕਤੀਆਂ ਨੂੰ ਬਾਹਰ ਕੱਢ ਕੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ । ਉਨ੍ਹਾਂ ਦੱਸਿਆ ਕਿ ਇਕ ਮਜ਼ਦੂਰ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਹੈ, ਇਕ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਗਿਆ, ਜਦੋਂ ਕਿ ਮਲਬੇ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਸੱਤ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਕਥਿਤ ਤੌਰ ‘ਤੇ ਲੈਂਟਰ ਦੀ ਉਚਾਈ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਛੱਤ ਡਿੱਗ ਗਈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਦੀ ਵਿਸਥਾਰਤ ਜਾਂਚ ਬਾਅਦ ਵਿੱਚ ਕੀਤੀ ਜਾਵੇਗੀ, ਪਰ ਇਸ ਵੇਲੇ ਮਜ਼ਦੂਰਾਂ ਦੀ ਜਾਨ ਬਚਾਉਣੀ ਵੱਡੀ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਨਿਰਮਾਣ ਕਾਰਜ ਦੀ ਆਗਿਆ ਨਹੀਂ ਲਈ ਗਈ ਸੀ। ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮਾਲਕ ਅਤੇ ਠੇਕੇਦਾਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

About Author

Leave A Reply

WP2Social Auto Publish Powered By : XYZScripts.com