- ਲੋਕ ਸਭਾ ਮੈਂਬਰ ਨੇ ਕਿਹਾ ! ਇਲਾਕੇ ਲਈ ਮੈਡੀਕਲ ਕਾਲਜ ਅਤੇ ਟਰੋਮਾ ਸੈਂਟਰ ਮਨਜੂਰ ਕੀਤਾ ਜਾਵੇ
ਲੁਧਿਆਣਾ, (ਸੰਜੇ ਮਿੰਕਾ) – ਲੋਕ ਸਭਾ ਵਿੱਚ ਸ਼੍ਰੀ ਫਤਹਿਗੜ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਮੰਗ ਕੀਤੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਇਤਿਹਾਸਕ ਕੁਰਬਾਨੀ ਦੇ ਮੱਦੇਨਜ਼ਰ ਸ਼੍ਰੀ ਫਤਹਿਗੜ ਸਾਹਿਬ ਨੂੰ ਵਧੀਆ ਹਵਾਈ ਅਤੇ ਰੇਲ ਸੰਪਰਕ ਨਾਲ ਜੋੜ ਕੇ ਇੱਕ ਅੰਤਰ ਰਾਸ਼ਟਰੀ ਧਾਰਮਿਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇ। ਲੋਕ ਸਭਾ ਵਿੱਚ ਬੋਲਦਿਆਂ, ਉਨ੍ਹਾਂ ਮੰਗ ਕੀਤੀ ਕਿ ਹਲਕੇ ਨੂੰ ਇੱਕ ਮੈਡੀਕਲ ਕਾਲਜ ਅਤੇ ਟਰੋਮਾ ਸੈਂਟਰ ਦਿੱਤਾ ਜਾਵੇ ਅਤੇ ਵਿਸ਼ਵ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਕਿਵੇਂ 315 ਸਾਲਾਂ ਬਾਅਦ ਵੀ ਦਸੰਬਰ ਵਿੱਚ ਸ਼ਹੀਦੀ ਜੋੜ-ਮੇਲ ਵਿੱਚ ਹਰ ਸਾਲ 50 ਲੱਖ ਤੋਂ ਵੱਧ ਸ਼ਰਧਾਲੂ ਹਿੱਸਾ ਲੈਂਦੇ ਹਨ। ਉਨ੍ਹਾਂ ਬੇਨਤੀ ਕੀਤੀ ਕਿ ਸੱਚਖੰਡ ਐਕਸਪ੍ਰੈਸ ਆਦਿ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲ ਗੱਡੀਆਂ ਜਿਹੜੀਆਂ ਹਾਲ ਹੀ ਵਿੱਚ ਹੋਰਨਾਂ ਰਸਤਿਆਂ ਰਾਹੀਂ ਮੋੜੀਆਂ ਗਈਆਂ ਹਨ, ਨੂੰ ਉਨ੍ਹਾਂ ਦੇ ਪੁਰਾਣੇ ਰੂਟਾਂ ‘ਤੇ ਬਹਾਲ ਕੀਤਾ ਜਾਵੇ। ਉਨ੍ਹਾਂ ਮੰਡੀ ਗੋਬਿੰਦਗੜ ਸਟੀਲ ਉਦਯੋਗ ਦੀ ਦੁਰਦਸ਼ਾ ਬਾਰੇ ਵੀ ਚਾਨਣਾ ਪਾਇਆ ਅਤੇ ਬੰਦ ਹੋਣ ਵਾਲੀਆਂ ਇਕਾਈਆਂ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ।