- ਲੋਕਾਂ ਨੂੰ ਐਸ.ਐਮ.ਐਸ (ਸੋਸ਼ਲ ਡਿਸਟੈਂਸ, ਮਾਸਕ ਐਂਡ ਸੈਨੀਆਈਜੇਸ਼ਨ) ਦੇ ਸਿਧਾਂਤ ਦੀ ਕਰਨੀ ਚਾਹੀਦੀ ਹੈ ਪਾਲਣਾ
ਲੁਧਿਆਣਾ, (ਸੰਜੇ ਮਿੰਕਾ) – ਦੂਜੀ ਲਹਿਰ ਨੂੰ ਪਹਿਲੀ ਦੀ ਤੁਲਣਾ ਵਿੱਚ ਖ਼ਤਰਨਾਕ ਕਰਾਰ ਦਿੰਦਿਆਂ ਸੰਜੀਵਨੀ ਡਾਕਟਰਾਂ ਦੇ ਮਾਹਰ ਪੈਨਲ ਨੇ, ਜੋਕਿ ਲੁਧਿਆਣਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗਠਿਤ ਹੋਇਆ ਹੈ ਨੇ, ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਵਿੱਚ ਆਈ ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਆਪਣੇ ਰੋਜਮਰੱਾ ਜੀਵਨ ਵਿੱਚ ਐਸ.ਐਮ.ਐਸ (ਸੋਸ਼ਲ ਡਿਸਟੈਂਸ, ਮਾਸਕ ਐਂਡ ਸੈਨੀਆਈਜੇਸ਼ਨ) ਦੇ ਸਿਧਾਂਤ ਦੀ ਪਾਲਣਾ ਕੀਤੀ ਜਾਵੇ। ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਕੋਵਿਡ-19 ਸਬੰਧੀ ਹੋਏ ਇੱਕ ਵਿਸ਼ੇਸ਼ ਲਾਈਵ ਸੈਸ਼ਨ ਦੌਰਾਨ ਡੀ.ਐਮ.ਸੀ.ਐਚ. ਤੋਂ ਡਾ. ਬਿਸ਼ਵ ਮੋਹਨ ਅਤੇ ਡਾ.ਰਾਜੇਸ਼ ਮਹਾਜਨ, ਸੀ.ਐਮ.ਸੀ.ਐਚ. ਤੋਂ ਡਾ.ਮੈਰੀ ਜੌਨ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਕਿਰਨ ਗਿੱਲ ਅਤੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਨੇ ਕਿਹਾ ਕਿ ਪ੍ਰਸ਼ਾਸਨ ਨੋਵਲ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਹ ਸੂਬੇ ਵਿੱਚ ਆਪਣੇ ਪੈਰ ਪਸਾਰੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਘਾਤਕ ਵਾਇਰਸ ਦੀ ਪਹਿਲੀ ਲਹਿਰ ਤੋਂ ਬਹੁਤ ਕੁਝ ਸਿੱਖਿਆ ਹੈ, ਅਸੀਂ ਵਾਇਰਸ ਨਾਲ ਨਜਿੱਠਣ ਲਈ ਇੱਕ ਬਿਹਤਰ ਸਥਿਤੀ ਵਿੱਚ ਹਾਂ ਕਿਉਂਕਿ ਹੁਣ ਅਸੀਂ ਸਿਹਤ ਦੇ ਬੁਨਿਆਦੀ ਢਾਂਚੇ, ਪ੍ਰਸ਼ਾਸ਼ਨਿਕ ਅਮਲਾ, ਉੱਤਮ ਆਈ.ਸੀ.ਯੂ. ਦੇਖਭਾਲ, ਹਵਾਦਾਰੀ, ਆਕਸੀਜਨ ਅਤੇ ਹੋਰ ਸਹੂਲਤਾਂ ਨੂੰ ਮਜ਼ਬੂਤ ਕਰ ਚੁੱਕੇ ਹਾਂ, ਪਰ ਲੋਕਾਂ ਨੂੰ ਵੀ ਪ੍ਰਸ਼ਾਸਨ ਨੂੰ ਦਿਲੋਂ ਸਹਿਯੋਗ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਕੋਵਿਡ ਦੇ ਸੰਭਾਵੀ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਫਲੂ ਵਰਗੇ ਲੱਛਣਾਂ ਦੀ ਸਥਿਤੀ ਵਿਚ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ. ਅੱਗੇ, ਉਨ੍ਹਾਂ ਸਾਰੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਵਾਇਰਸ ਦੀ ਚੇਨ ਤੋੜਨ ਲਈ ਤੁਰੰਤ ਆਪਣੀ ਵੈਕਸੀਨੇਸ਼ਨ ਕਰਵਾਉਣ। ਉਨ੍ਹਾਂ ਖੁਲਾਸਾ ਕੀਤਾ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਪਹਿਲੀ ਲਹਿਰ ਤੋਂ ਹਾਸਲ ਕੀਤੇ ਬੇਹਤਰੀਨ ਮੈਡੀਕਲ ਤਜ਼ਰਬੇ ਨੂੰ ਸਾਂਝਾ ਕਰਦਿਆਂ ਲੈਵਲ-3 ਦੇ ਮਰੀਜ਼ਾਂ ਲਈ ਸਮਰਪਿਤ ਆਈ.ਸੀ.ਯੂ. ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।