- ਲਾਪਤਾ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਗੁੰਮਸੁ਼ਦਗੀ ਜਾਂ ਮੌਤ ਦੀ ਰਿਪੋਰਟ ਦਰਜ਼ ਕਰਵਾਉਣੀ ਹੋਵੇਗੀ
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲ਼ੋ ਅੱਜ ਉਤਰਾਖੰਡ ਦੇ ਚਮੋਲੀ ਜ਼ਿਲੇ ਵਿਚ ਆਏ ਹੜ੍ਹ ਦੌਰਾਨ ਲਾਪਤਾ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤੁਰੰਤ ਐਫ.ਆਈ.ਆਰ. ਦਰਜ ਕਰਵਾਉਣ ਅਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਚਮੋਲੀ ਪ੍ਰਸ਼ਾਸਨ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ ਤਾਂ ਜੋ ਲਾਪਤਾ ਵਿਅਕਤੀਆਂ ਦੀ ਮੌਤ ਦਾ ਸਰਟੀਫਿਕੇਟ ਜਲਦ ਤੋਂ ਜਲਦ ਜਾਰੀ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਪਤਾ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਨੋਟਰੀ ਪਬਲਿਕ ਤੋਂ ਤਸਦੀਕਸੁ਼ਦਾ ਹਲਫੀਆ ਬਿਆਨ ਰਾਹੀਂ ਗੁੰਮਸੁ਼ਦਗੀ ਜਾਂ ਮੌਤ ਦੀ ਰਿਪੋਰਟ ਦਰਜ਼ ਕਰਵਾਉਣੀ ਹੋਵੇਗੀ, ਇਹ ਰਿਪੋਰਟ ਅਤੇ ਐਫ.ਆਈ.ਆਰ. ਚਮੋਲੀ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇ ਪਰਿਵਾਰਾਂ ਨੇ ਪਹਿਲਾਂ ਹੀ ਚਮੋਲੀ ਦੇ ਆਫ਼ਤ ਪ੍ਰਭਾਵਿਤ ਖੇਤਰ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਾਇਰ ਕਰ ਦਿੱਤੀ ਹੈ, ਤਾਂ ਪ੍ਰਭਾਵਿਤ ਖੇਤਰ ਵਿੱਚ ਅਧਿਕਾਰਤ ਅਧਿਕਾਰੀ ਇਸ ਰਿਪੋਰਟ ਨੂੰ ਜ਼ਿਲ੍ਹੇ ਦੇ ਸਬੰਧਤ ਐਸ.ਡੀ.ਐਮ. ਨੂੰ ਜਾਂਚ ਲਈ ਭੇਜਣਗੇ। ਉਥੋਂ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਮੌਤ ਦਾ ਸਰਟੀਫਿਕੇਟ ਚਮੋਲੀ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਜਾਵੇਗਾ।