- ਸਾਲ ਇਲਾਕੇ ਦੀ ਸਾਰ ਨਾ ਲੈਣ ਵਾਲੇ ਵਿਧਾਇਕ ਬੈਂਸ ਹੁਣ ਵਾਰਡ ਦੇ ਵਿਕਾਸ ’ਚ ਲੱਤਾਂ ਨਾ ਫਸਾਉਣ : ਇਲਾਕਾ ਨਿਵਾਸੀ
ਲੁਧਿਆਣਾ,(ਵਿਸ਼ਾਲ,ਅਰੁਣ ਜੈਨ)-ਹਲਕਾ ਆਤਮ ਨਗਰ ’ਚ ਪੈਂਦੇ ਵਾਰਡ ਨੰ. 34 ਵਿਖੇ ਬੀਤੇ ਦਿਨੀਂ ਹਲਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਬਣ ਰਹੀਆਂ ਸੜਕਾਂ ਦੇ ਮਟੀਰੀਅਲ ਘਟੀਆ ਹੋਣ ’ਤੇ ਠੇਕੇਦਾਰ ਦੀ ਲਾਈ ਕਲਾਸ ਤੇ ਸੜਕ ਨੂੰ ਨਿਯਮਾਂ ਅਨੁਸਾਰ ਬਣਾਉਣ ਦਾ ਮੁੱਦਾ ਭਖ ਗਿਆ ਹੈ। ਹਲਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ 9 ਸਾਲ ਇਲਾਕੇ ਦੀ ਸਾਰ ਨਾ ਲੈਣ ਦਾ ਦੋਸ਼ ਲਾਉਂਦੇ ਹੋਏ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਹੁਣ ਵਾਰਡ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਇਲਾਕਾ ਨਿਵਾਸੀ ਰਣਜੀਤ ਸਿੰਘ ਬਿੱਲਾ, ਡਾ. ਚਮਕੌਰ ਸਿੰਘ ਅਤੇ ਦਵਿੰਦਰ ਸਿੰਘ ਵਾਲੀਆ ਸਮੇਤ ਹੋਰਨਾਂ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਜਿਸ ਵਿਧਾਇਕ ਸਿਮਰਜੀਤ ਬੈਂਸ ਨੂੰ ਸਿਰਫ਼ ਚੋਣਾਂ ਸਮੇਂ ਹੀ ਇਲਾਕੇ ’ਚ ਦੇਖਿਆ ਗਿਆ ਸੀ, ਹੁਣ ਜੇਕਰ ਕਈ ਸਾਲਾਂ ਬਾਅਦ ਉਹ ਭੁਲ ਭੁਲੇਖੇ ਵਾਰਡ ਨੰ. 34 ਵਿੱਚੋਂ ਦੀ ਲੰਘ ਰਹੇ ਸਨ ਤਾਂ ਵਾਰਡ ’ਚ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਦੇਖ ਕੇ, ਬੈਂਸ ਆਪਣੀ ਆਦਤ ਤੋਂ ਮਜ਼ਬੂਰ ਚੱਲ ਰਹੇ ਵਿਕਾਸ ਕਾਰਜਾਂ ’ਚ ਲੱਤਾਂ ਫਸਾ ਕੇ ਇਲਾਕਾ ਨਿਵਾਸੀਆਂ ਲਈ ਪ੍ਰੇਸਾਨੀ ਦਾ ਸਬੱਬ ਬਣ ਰਹੇ ਹਨ। ਰਣਜੀਤ ਸਿੰਘ, ਡਾ.ਚਮਕੌਰ ਸਿੰਘ ਤੇ ਦਵਿੰਦਰ ਵਾਲੀਆ ਨੇ ਆਖਿਆ ਕਿ ਵਿਧਾਇਕ ਬੈਂਸ ਪਹਿਲਾਂ ਇਸ ਗੱਲ ਦਾ ਜਵਾਬ ਦੇਣ ਕਿ ਉਨ੍ਹਾਂ ਨੇ ਪਿਛਲੇਂ 9 ਸਾਲਾਂ ’ਚ ਇਸ ਵਾਰਡ ਵੱਲ ਬਿਲਕੁਲ ਵੀ ਧਿਆਨ ਕਿਉਂ ਨਹੀਂ ਦਿੱਤਾ ਅਤੇ ਜੇਕਰ ਅੱਜ ਕਮਲਜੀਤ ਕੜਵਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਸਿੱਧੇ ਪੈਸੇ ਲਿਆ ਕੇ ਹਲਕਾ ਆਤਮ ਨਗਰ ’ਚ ਵਿਕਾਸ ਕਾਰਜ ਕਰਵਾ ਰਹੇ ਹਨ ਤਾਂ ਵਿਧਾਇਕ ਬੈਂਸ ਦੇ ਢਿੱਡੀ ਪੀੜਾਂ ਕਿਉਂ ਹੋ ਰਹੀਆਂ ਹਨ। ਇਲਾਕਾ ਨਿਵਾਸੀਆਂ ਨੇ ਆਖਿਆ ਕਿ ਵਿਧਾਇਕ ਬੈਂਸ ਨੂੰ ਇਹ ਨਹੀਂ ਭੱੁਲਣਾ ਚਾਹੀਦਾ ਕਿ ਜਿਹੜੇ ਵੋਟਰ ਤਖ਼ਤ ’ਤੇ ਬਿਠਾਉਣ ਦੀ ਤਾਕਤ ਰੱਖਦੇ ਹਨ, ਉਹ ਤਖਤਾਂ ਪਲਟਣ ਦਾ ਦਮ ਵੀ ਰੱਖਦੇ ਹਨ। ਉਨ੍ਹਾਂ ਆਖਿਆ ਕਿ ਇਲਾਕਾ ਨਿਵਾਸੀ ਕਮਲਜੀਤ ਸਿੰਘ ਕੜਵਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪੂਰੀ ਸੰਤੁਸ਼ਟ ਹਨ। ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ ਨੀਨੂੰ, ਮਨਜੀਤ ਸਿੰਘ, ਭੁਪਿੰਦਰ ਸਿੰਘ, ਮਨਿੰਦਰ ਸਿੰਘ ਕੰਬੋਜ, ਤਜਿੰਦਰ ਸਿੰਘ ਖਾਲਸਾ, ਸੁਖਬੀਰ ਸਿੰਘ ਕੰਬੋਜ, ਜਸਵਿੰਦਰ ਸਿੰਘ ਲੋਟੇ, ਫਤਿਹ ਸਿੰਘ ਰੰਗੀ, ਮਨਪ੍ਰੀਤ ਸਿੰਘ ਮੰਨਾ, ਸੰਤ ਸਿੰਘ, ਦਵਿੰਦਰ ਭੋਲੂ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।