Saturday, May 17

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ

  • ਕੋਵਿਡ-19 ਪ੍ਰੋਟੋਕਾਲ ਦੀ ਸਖਤੀ ਨਾਲ ਕਰਨ ਪਾਲਣਾਂ, ਨਹੀਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਰਾਤ ਦਾ ਕਰਫਿਊ ਲਗਾਉਣ ਵਿੱਚ ਨਹੀਂ ਵਰਤੀ ਜਾਵੇਗੀ ਕੋਈ ਢਿੱਲ
  • ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕਿਹਾ! ਅਸੀਂ ਖੁ਼ਸ਼ਕਿਸਮਤ ਹਾਂ, ਸਾਡੇ ਕੋਲ ਵੈਕਸੀਨ ਹੈ ਅਤੇ ਸਾਨੂੰ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ‘ਚ ਹਿੱਸਾ ਲੈਣਾ ਚਾਹੀਦਾ ਹੈ
  • ਆਯੋਜਕਾਂ ਅਤੇ ਜਨਤਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਆਯੋਜਨ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿੱਚ, ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ 19 ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ, ਨਹੀਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਰਾਤ ਦਾ ਕਰਫਿਊ ਲਗਾਉਣ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦੀ ਦੂਜੀ ਲਹਿਰ ਕਾਰਨ ਉਭਰ ਰਹੇ ਹਾਲਾਤ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹੇ ਅਤੇ ਲੋਕਾਂ ਵੱਲੋਂ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਨਾ ਕੀਤੀ ਗਈ ਤਾਂ ਪ੍ਰਸ਼ਾਸ਼ਨ ਰਾਤ ਦਾ ਕਰਫਿਊ ਲਾਗੂ ਕਰਨ ਲਈ ਮਜਬੂਰ ਹੋ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਕੇਸਾਂ ਦੀ ਕੁੱਲ ਗਿਣਤੀ ਇਕ ਹਫਤੇ ਪਹਿਲਾਂ ਨਾਲੋਂ ਚਾਰ ਗੁਣਾ ਵੱਧ ਕੇ ਚਿੰਤਾਜਨਕ 120-125 ਹੋ ਗਈ ਹੈ, ਜਦੋਂ ਕਿ ਪਹਿਲਾਂ ਇਹ ਗਿਣਤੀ 35 ਦੇ ਕਰੀਬ ਸੀ। ਉਨ੍ਹਾਂ ਜ਼ਿਕਰ ਕੀਤਾ ਕਿ ਆਯੋਜਕਾਂ ਅਤੇ ਜਨਤਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਆਯੋਜਨ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਵੱਡੇ ਇਕੱਠ ਸਾਡੇ ਸਾਰਿਆਂ ‘ਤੇ ਭਾਰੀ ਪੈ ਸਕਦੇ ਹਨ, ਖ਼ਾਸਕਰ ਜਦੋਂ ਮੌਜੂਦਾ ਸਮੇਂ ਸਾਡੇ 10 ਕੋਵਿਡ ਮਰੀਜ਼ ਵੈਂਟੀਲੇਟਰਾਂ ਅਤੇ 166 ਹਸਪਤਾਲਾਂ ਵਿੱਚ ਜ਼ੇਰੇ ਇਲਾਜ਼ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਗਮ ਦੀ ਵਿਵਸਥਾ ਕਰਨ ਤੋਂ ਪਹਿਲਾਂ ਇਸ ਦੀ ਜ਼ਰੂਰਤ ਬਾਰੇ ਸੋਚਿਆ ਜਾ ਸਕਦਾ ਹੈ ਅਤੇ ਸਮਾਗਮ ‘ਤੇ ਬੁਲਾਏ ਜਾਣ ਵਾਲੇ ਲੋਕਾਂ ਨੂੰ ਸਮਝਦਾਰੀ ਵਰਤਦੇ ਹੋਏ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬਜਾਏ ਘਰ ਰਹਿ ਕੇ ਇਸ ਵਾਇਰਸ ਨੂੰ ਕਾਬੂ ਹੇਠ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਬਜ਼ੁਰਗ ਨਾਗਰਿਕਾਂ ਅਤੇ 45-59 ਸਾਲ ਦਰਮਿਆਨ ਸਹਿ ਰੋਗਾਂ ਨਾਲ ਪੀੜਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਜ਼ਮੀ ਤੌਰ ‘ਤੇ ਆਪਣੇ ਨਜ਼ਦੀਕੀ ਸਿਹਤ ਸੰਭਾਲ ਸੰਸਥਾ ਵਿਖੇ ਟੀਕਾਕਰਨ ਕਰਵਾਉਣ ਕਿਉਂਕਿ ਇਹ ਵਾਇਰਸ ਤੋਂ ਬਚਾਅ ਦੀ ਇੱਕੋ-ਇੱਕ ਕੁੰਜੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਵੈਕਸੀਨ ਲਈ ਤਰਸ ਰਹੇ ਹਨ ਪਰ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਵਿਗਿਆਨੀ ਸਮੇਂ ਸਿਰ ਇਸਦਾ ਚੰਗੀ ਤਰ੍ਹਾਂ ਵਿਕਾਸ ਕਰ ਚੁੱਕੇ ਹਨ ਅਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਟੀਕਾਕਰਨ ਲਈ ਅੱਗੇ ਆਈਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੈਕਸੀਨੇਸ਼ਨ ਲਈ ਆਪਣੇ ਅਧਾਰ ਕਾਰਡ ਦੇ ਨਾਲ ਕਿਸੇ ਵੀ ਸਿਹਤ ਸੰਭਾਲ ਸੰਸਥਾ ਵਿਖੇ ਸੰਪਰਕ ਕਰਨ।

About Author

Leave A Reply

WP2Social Auto Publish Powered By : XYZScripts.com