ਲੁਧਿਆਣਾ, (ਸੰਜੇ ਮਿੰਕਾ) – ਸਰਕਾਰੀ ਕਾਲਜ(ਲੜਕੀਆਂ) ਲੁਧਿਆਣਾ ਦੇ ‘ਰੁਸਾ ਸੈਮੀਨਾਰ ਹਾਲ’ ਦਾ ਰਸਮੀ ਉਦਘਾਟਨ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਰਿਬਨ ਕੱਟਣ ਅਤੇ ਦੀਵੇ ਜਗਾਉਣ ਦੀ ਰਸਮ ਨਾਲ ਕੀਤਾ ਗਿਆ। ਪ੍ਰਿੰਸੀਪਲ ਜੀ.ਸੀ.ਜੀ. ਡਾ. ਸੁਖਵਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਾਲਜ ਪੰਜਾਬ ਦੇ ਚਾਰ ਮਾਡਲ ਕਾਲਜਾਂ ਵਿੱਚੋਂ ਇੱਕ ਹੈ ਅਤੇ ਇਹ ਹਾਲ ਰੂਸਾ ਸਕੀਮ ਤਹਿਤ ਕੇਂਦਰ ਅਤੇ ਸੂਬਾ ਸਰਕਾਰ ਦੇ 60:40 ਹਿੱਸੇਦਾਰੀ ਨਾਲ ਬਣਾਇਆ ਗਿਆ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਸਰਬੋਤਮ ਕਾਲਜ ਹੈ ਜੋ ਉਨ੍ਹਾਂ ਦੇ ਹਲਕੇ ਵਿੱਚ ਪੈਂਦਾ ਹੈ ਅਤੇ ਉਨ੍ਹਾਂ ਪ੍ਰਿੰਸੀਪਲ ਮੈਡਮ, ਸਟਾਫ ਅਤੇ ਵਿਦਿਆਰਥੀਆਂ ਦਾ ਅਕਾਦਮਿਕ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ‘ਤੇ ਧੰਨਵਾਦ ਕੀਤਾ। ਉਨ੍ਹਾਂ ਨੌਜਵਾਨਾਂ ਦੇ ਮਨਾਂ ਨੂੰ ਮਜ਼ਬੂਤ ਕਰਨ ‘ਤੇ ਵੀ ਧਿਆਨ ਕੇਂਦ੍ਰਤ ਕੀਤਾ। ਉਨ੍ਹਾਂ ਲਾਇਬ੍ਰੇਰੀ ਅਤੇ ਮੈਡੀਟੇਸ਼ਨ ਸੈਂਟਰ ਲਈ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਲੋਂ ਕਾਲਜ ਵਿੱਚ ਓਪਨ ਜਿੰਮ ਵੀ ਸਥਾਪਤ ਕੀਤਾ ਜਾਵੇਗਾ। ਇਸ ਮੌਕੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੀ ਮੌਜੂਦ ਸਨ ਅਤੇ ਜੀ.ਸੀ.ਜੀ. ਦੇ ਅਧਿਆਪਕਾਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਸਮਾਰੋਹ ਨੇ ਉਨ੍ਹਾਂ ਦੇ ਮਨ ਨੂੰ ਮੋਹ ਲਿਆ। ਸਭਿਆਚਾਰਕ ਪ੍ਰੋਗਰਾਮ ਵਿੱਚ ਮਿਸ ਨੇਹਾ ਦੁਆਰਾ ਗਣੇਸ਼ ਵੰਦਨਾ, ਸ਼੍ਰੀਮਤੀ ਅਨੀਤਾ ਸ਼ਰਮਾ ਦੁਆਰਾ ਸੂਫੀ ਸੌਂਗ ਅਤੇ ਡਾ. ਯੋਗੇਸ਼ ਸ਼ਰਮਾ ਦੁਆਰਾ ਇੰਸਟ੍ਰੂਮੈਂਟਲ ਮੈਸ਼ਅਪ, ਡਾ.ਨਿਮਿਤਾ ਸ਼ਰਮਾ ਵੱਲੋਂ ਅਰਧ ਕਲਾਸੀਕਲ ਅਤੇ ਡਾ. ਸ਼ਰਨਜੀਤ ਪਰਮਾਰ ਦੁਆਰਾ ਲੋਕ ਗੀਤ ਪੇਸ਼ ਕੀਤੇ ਗਏ। ਮਹਿਮਾਨ ਕਲਾਕਾਰ ਮਿਸ ਤਰੂ ਸੁਗੰਧਾ ਦੇ ਗਾਣਿਆਂ ‘ਤੇ ਸਰੋਤਿਆਂ ਨੇ ਆਨੰਦ ਮਾਣਿਆ। ਸਮਾਗਮ ਵਿੱਚ ਯੂਥ ਆਗੂ ਸ. ਈਸ਼ਵਰਜੋਤ ਸਿੰਘ ਚੀਮਾ, ਸ.ਰਵਿੰਦਰ ਸਿੰਘ, ਸ.ਸਤਨਾਮ ਸਿੰਘ, ਸ. ਭੁਪਿੰਦਰ ਸਿੰਘ ਸਮੇਤ ਵੱਖ-ਵੱਖ ਮਹਿਮਾਨਾਂ ਦੀ ਨਿੱਘੀ ਹਾਜ਼ਰੀ ਦਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਵਾਈਸ ਪ੍ਰਿੰਸੀਪਲ ਸ੍ਰੀਮਤੀ ਕ੍ਰਿਪਾਲ ਕੌਰ ਵੱਲੋਂ ਸਾਰਿਆਂ ਦੇ ਧੰਨਵਾਦ ਨਾਲ ਕੀਤੀ ਗਈ।
Previous Articleਕਿ੍ਰਸਚਨ ਯੂਨਾਈਟਡ ਫੈਡਰੇਸ਼ਨ ਦੀ ਅਹਿਮ ਮੀਟਿੰਗ ਹੋਈ