
ਲੁਧਿਆਣਾ, (ਸੰਜੇ ਮਿੰਕਾ,ਰਾਜੀਵ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਆਨਲਾਈਨ ਵਿਦਿਅਕ ਮੁਕਾਬਲੇ 1 ਮਾਰਚ ਤੋਂ 10 ਮਾਰਚ ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਸਬੰਧੀ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ) ਸ.ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਹ ਮੁਕਾਬਲੇ ਆਨਲਾਈਨ ਅਤੇ ਆਫਲਾਈਨ ਹੋਣਗੇ ਅਤੇ ਸਰਕਾਰੀ ਸਕੂਲਾਂ ਦੇ ਨਾਨ-ਬੋਰਡ ਕਲਾਸਾਂ ਦੇ ਵਿਦਿਆਰਥੀ ਇਨ੍ਹਾਂ ਵਿਦਿਅਕ ਮੁਕਾਬਲਿਆਂ ਵਿੱਚ ਭਾਗ ਲੈਣਗੇ। ਉਪ ਜ਼ਿਲਾ ਸਿੱਖਿਆ ਅਫਸਰ ਡਾ.ਚਰਨਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ 1 ਮਾਰਚ ਤੋਂ 10 ਮਾਰਚ ਤੱਕ ਪੇਟਿੰਗ ਮੁਕਾਬਲੇ ਕਰਵਾ ਰਹੇ ਹਨ ਅਤੇ ਰੋਜ਼ਾਨਾ ਇਨ੍ਹਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੀਆਂ ਪੇਟਿੰਗਾਂ ਵਿਭਾਗ ਵਲੋਂ ਜਾਰੀ ਆਨਲਾਈਨ ਲਿੰਕ ਤੇ ਅਪਲੋਡ ਹੋਣਗੀਆਂ। ਜ਼ਿਲਾ ਨੋਡਲ ਅਫਸਰ ਸ.ਗੁਰਕ੍ਰਿਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਦੀ ਲੜੀ ਵਿੱਚ ਪੇਟਿੰਗ, ਸਲੋਗਨ ਲਿਖਣ ਅਤੇ ਪੀ.ਪੀ.ਟੀ. ਮੇਕਿੰਗ ਮੁਕਾਬਲੇ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥੀ ਬਹੁਤ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਪੇਟਿੰਗ ਮੁਾਕਬਲੇ ਵਿੱਚ ਹੁਣ ਤੱਕ 20 ਸਕੂਲਾਂ ਵੱਲੋਂ ਭਾਗ ਲਿਆ ਜਾ ਚੁੱਕਾ ਹੈ।