
- 60 ਸਾਲ ਤੋਂ ਵੱਧ ਉਮਰ ਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਪੋਰਟਲ ‘ਤੇ ਕਰਵਾ ਸਕਦੇ ਹਨ ਰਜਿਸ਼ਟ੍ਰੇਸ਼ਨ
- ਨਿੱਜੀ ਹਸਪਤਾਲਾਂ ਦੀ ਪ੍ਰਤੀ ਟੀਕਾਕਰਣ ਫੀਸ 250 ਰੁਪਏ ਹੋਵੇਗੀ, ਸਰਕਾਰੀ ਹਸਪਤਾਲਾਂ ‘ਚ ਇਹ ਸੁਵਿਧਾ ਕਰਵਾਈ ਜਾਵੇਗੀ ਮੁਫਤ ਮੁਹੱਈਆ
ਲੁਧਿਆਣਾ, (ਸੰਜੇ ਮਿੰਕਾ) – ਕੋਵਿਡ ਮਹਾਂਮਾਰੀ ਦੇ ਵਿਰੁੱਧ ਆਪਣੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ 60 ਸਾਲ ਤੋਂ ਵੱਧ ਉਮਰ ਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਵਿਅਕਤੀਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਜੋ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਕਾਕਰਨ ਦਾ ਇਹ ਪੜਾਅ ਵਾਇਰਸ ਦੇ ਸੰਚਾਰਣ ਦੀ ਲੜੀ ਨੂੰ ਤੋੜ ਕੇ ਕੋਵਿਡ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਟੀਕਾ ਨਾ ਸਿਰਫ ਲੋਕਾਂ ਨੂੰ, ਬਲਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਇਰਸ ਤੋਂ ਬਚਾਏਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਇਹ ਵਿਸ਼ਾਣੂ ਉਨ੍ਹਾਂ ਅੱਗੇ ਨਹੀਂ ਫੈਲੇਗਾ। ਡਿਪਟੀ ਕਮਿਸ਼ਨਰ ਨੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਕੋਵਿਡ ਵੈਕਸੀਨੇਸ਼ਨ ਕਰਵਾਉਣ।ਟੀਕਾਕਰਨ ਵਾਲੇ ਸਥਾਨ ‘ਤੇ ਵਡੇਰੀ ਉਮਰ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ, ਡਿਪਟੀ ਕਮਿਸ਼ਨਰ ਵੱਲੋਂ ਸਵੈ-ਇੱਛਾ ਨਾਲ ਵੈਕਸੀਨੇਸ਼ਨ ਕਰਾਉਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਵੀ ਵੈਕਸੀਨੇਸ਼ਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ । ਉਨ੍ਹਾਂ ਦੱਸਿਆ ਕਿ ਟੀਕਾਕਰਨ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਤੇ ਪੂਰੀ ਤਰ੍ਹਾਂ ਮੁਫਤ ਕੀਤਾ ਜਾਵੇਗਾ, ਨਿੱਜੀ ਸਿਹਤ ਸੰਸਥਾਵਾਂ ਹਰ ਲਾਭਪਾਤਰੀ ਕੋਲੋਂ 250 ਰੁਪਏ (ਪ੍ਰਤੀ ਖੁਰਾਕ) ਤੋਂ ਚਾਰਜ ਕਰ ਸਕਦੀਆਂ ਹਨ ਜਿਸ ਵਿਚ ਟੀਕੇ ਦੀ ਕੀਮਤ 150 ਰੁਪਏ ਅਤੇ 100 ਰੁਪਏ ਸੇਵਾ ਖਰਚ ਸ਼ਾਮਲ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਜਿਸ਼ਟ੍ਰੇਸ਼ਨ ਲਈ ਪੋਰਟਲ ਨੂੰ ਵੀ ਅਪਡੇਟ ਕਰ ਦਿੱਤਾ ਗਿਆ ਹੈ ਅਤੇ ਘਰ ਬੈਠੇ ਅਸਾਨੀ ਨਾਲ ਰਜਿਸ਼ਟ੍ਰੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਵਿਘਨ ਟੀਕਾਕਰਨ ਮੁਹਿੰਮ ਦੇ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ ਅਤੇ ਟੀਕੇ ਦਾ ਲੋੜੀਂਦਾ ਭੰਡਾਰ ਮੌਜੂਦ ਹੈ।
ਇਸ ਮੌਕੇ ਪ੍ਰਮੁੱਖ ਤੌਰ ‘ਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ, ਡਾ. ਬਿਸ਼ਵ ਮੋਹਨ, ਡਾ. ਪ੍ਰੇਮ ਗੁਪਤਾ ਅਤੇ ਹੋਰ ਸ਼ਾਮਲ ਸਨ।