Friday, May 9

ਐਨ.ਐਚ.ਏ.ਆਈ. ਦੇ ਚੇਅਰਮੈਨ ਵੱਲੋਂ ਚੀਮਾ ਚੌਕ ਫਲਾਈਓਵਰ ਵਸਨੀਕਾਂ ਲਈ ਕੀਤਾ ਸਮਰਪਿਤ

  • ਚੰਡੀਗੜ੍ਹ ਰੋਡ, ਜੀ.ਟੀ. ਰੋਡ, ਲਾਢੋਵਾਲ ਬਾਈਪਾਸ ਸਮੇਤ ਵੱਖ-ਵੱਖ ਪ੍ਰੋਜਕੈਟਾਂ ਦਾ ਲਿਆ ਜਾਇਜ਼ਾ
  • ਪ੍ਰੋਜੈਕਟਾਂ ਸਬੰਧੀ ਪੀ.ਏ.ਯੂ. ਦੇ ਸਟਨ ਹਾਊਸ ਵਿਖੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

ਲੁਧਿਆਣਾ, (ਸੰਜੇ ਮਿੰਕਾ) – ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ) ਦੇ ਚੇਅਰਮੈਨ ਸ.ਸੁਖਬੀਰ ਸਿੰਘ ਸੰਧੂ ਵੱਲੋਂ ਅੱਜ ਚੀਮਾ ਚੌਕ ਫਲਾਈਓਵਰ ਨੂੰ ਵਸਨੀਕਾਂ ਲਈ ਸਮਰਪਿਤ ਕੀਤਾ ਗਿਆ। ਇਹ ਓਵਰ ਬ੍ਰਿਜ ਫਿਰੋਜ਼ਪੁਰ ਰੋਡ-ਸਮਰਾਲਾ ਚੌਕ ਐਲੀਵੇਟਿਡ ਸੜਕ ਪ੍ਰਾਜੈਕਟ ਦਾ ਹਿੱਸਾ ਹੈ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸਨ। ਬਾਅਦ ਵਿਚ, ਉਨ੍ਹਾਂ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਵਿਖੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਹੋਰ ਪ੍ਰਾਜੈਕਟਾਂ ਤੋਂ ਇਲਾਵਾ ਲੁਧਿਆਣਾ-ਚੰਡੀਗੜ੍ਹ ਰੋਡ, ਨੈਸ਼ਨਲ ਹਾਈਵੇ 44 (ਜੀਟੀ ਰੋਡ), ਲਾਢੋਵਾਲ ਬਾਈਪਾਸ ‘ਤੇ ਚੱਲ ਰਹੇ ਕਈ ਪ੍ਰੋਜੈਕਟਾਂ ਦਾ ਦੌਰਾ ਵੀ ਕੀਤਾ। ਮੀਟਿੰਗ ਦੌਰਾਨ, ਪੁਲਿਸ ਅਧਿਕਾਰੀਆਂ ਨੇ ਐਨ.ਐਚ.ਏ.ਆਈ. ਦੇ ਚੇਅਰਮੈਨ ਨੂੰ ਸ਼ਹਿਰ ਵਿਚੋਂ ਲੰਘ ਰਹੇ ਰਾਸ਼ਟਰੀ ਰਾਜਮਾਰਗਾਂ ‘ਤੇ ਟ੍ਰੈਫਿਕ ਸੰਬੰਧੀ ਮੁੱਦਿਆਂ ਤੋਂ ਜਾਣੂ ਕਰਵਾਇਆ। ਐਨ.ਐਚ.ਏ.ਆਈ. ਦੇ ਚੇਅਰਮੈਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਸਾਈਕਲ ਸਵਾਰਾਂ ਅਤੇ ਲੋਕਾਂ ਦੇ ਦੋਪਹੀਆ ਵਾਹਨਾਂ ‘ਤੇ ਵਾਪਰ ਰਹੇ ਘਾਤਕ ਸੜ੍ਹਕ ਹਾਦਸਿਆਂ ਦੀ ਰੋਕਥਾਮ ਲਈ ਰੈਂਪਾਂ ਵਾਲੇ ਫੁੱਟ ਓਵਰ ਬ੍ਰਿਜ ਬਣਾਏ ਜਾਣਗੇ ਤਾਂ ਜੋ ਸਾਈਕਲ ਸਵਾਰ ਅਤੇ ਦੋ ਪਹੀਆ ਵਾਹਨ ਚਾਲਕ ਆਸਾਨੀ ਨਾਲ ਸੜਕਾਂ ਨੂੰ ਪਾਰ ਕਰ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਜ਼ਮੀਨ ਮੁਹੱਈਆ ਕਰਵਾਉਂਦਾ ਹੈ ਤਾਂ ਹਾਈਵੇਅ ‘ਤੇ ਸਮਰਪਿਤ ਸਾਈਕਲ ਟਰੈਕਾਂ ਦਾ ਨਿਰਮਾਣ ਵੀ ਕੀਤਾ ਜਾ ਸਕਦਾ ਹੈ। ਲਾਢੋਵਾਲ ਬਾਈਪਾਸ ਪ੍ਰਾਜੈਕਟ ਦੇ ਦੌਰੇ ਦੌਰਾਨ ਉਨ੍ਹਾਂ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਰਜ਼ੀ ਤੌਰ ‘ਤੇ ਐਫ-2 ਰੇਸਵੇਅ ਲਾਂਘੇ ਨੇੜੇ ਟ੍ਰੈਫਿਕ ਲਾਈਟਾਂ ਲਗਾਉਣ ਤਾਂ ਜੋ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਠੱਲ ਪਵੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਚੌਂਕ ਲਈ ਪੱਕਾ ਹੱਲ ਮੁਹੱਈਆ ਕਰਵਾਇਆ ਜਾਵੇਗਾ। ਐਨ.ਐਚ.ਏ.ਆਈ. ਅਧਿਕਾਰੀਆਂ ਨੇ ਚੇਅਰਮੈਨ ਨੂੰ ਇਹ ਵੀ ਦੱਸਿਆ ਕਿ ਪਰਮਾਨੈਂਟ ਐਗਜ਼ਿਟ ਅਤੇ ਐਂਟਰੀ ਪੁਆਇੰਟ ਗ੍ਰੀਨਲੈਂਡ ਸਕੂਲ ਨੇੜੇ ਜਲੰਧਰ ਬਾਈਪਾਸ ਨੇੜੇ, ਫੋਕਲ ਪੁਆਇੰਟ ਨੇੜੇ, ਟਰਾਂਸਪੋਰਟ ਨਗਰ ਦੇ ਨੇੜੇ ਅਤੇ ਐਨ.ਐਚ.-44 ਦੇ ਨਾਲ ਲੱਗਦੇ ਹੋਰ ਪੁਆਇੰਟ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਬਣਾਏ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਲਈ ਇਹ ਲਾਹੇਵੰਦ ਸਾਬਤ ਹੋ ਸਕਣ। ਉਨ੍ਹਾਂ ਨੇ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਹਾਈਵੇਅ ‘ਤੇ ਐਂਟਰੀ ਤੇ ਐਗਜਿਟ ਪੁਆਇੰਟ ਸਥਾਪਤ ਕਰਨ ਵੇਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸੜਕ ਹਾਦਸਿਆਂ ਤੋਂ ਬਚਾਅ ਲਈ ਸਾਰੇ ਨਾਜਾਇਜ਼ ਕੱਟ ਬੰਦ ਕੀਤੇ ਜਾਣਗੇ। ਸ਼ਹਿਰ ਆਉਣ ਵਾਲੇ ਲੋਕਾਂ ਦੀ ਮਦਦ ਲਈ, ਇਸ ਸ਼ਹਿਰ ਵਿਚ ਦਾਖਲ ਹੋਣ ਤੋਂ ਪਹਿਲਾਂ ਸਹੀ ਸਾਈਨ ਬੋਰਡ ਵੀ ਲਗਾਏ ਜਾਣਗੇ। ਉਨ੍ਹਾਂ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਲੁਧਿਆਣਾ ਉਨ੍ਹਾਂ ਦੇ ਦਿਲ ਦੇ ਨੇੜੇ ਹੈ ਅਤੇ ਸ਼ਹਿਰ ਵਿੱਚ ਕਿਸੇ ਵੀ ਪ੍ਰਾਜੈਕਟ ਨੂੰ ਲਾਗੂ ਕਰਨ ਅਤੇ ਯੋਜਨਾ ਬਣਾਉਣ ਵੇਲੇ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਐਨ.ਐਚ.ਏ.ਆਈ. ਇਹ ਸੁਨਿਸ਼ਚਿਤ ਕਰੇਗੀ ਕਿ ਵਸਨੀਕਾਂ ਦੇ ਲਾਭ ਲਈ ਵਧੀਆ ਕੁਆਲਟੀ ਦੇ ਹਾਈਵੇ ਬਣਾਏ ਜਾਣਗੇ। ਮੀਟਿੰਗ ਵਿਚ ਪ੍ਰਮੁੱਖ ਤੌਰ ‘ਤੇ ਜੁਆਇੰਟ ਸੀ.ਪੀ. ਸ੍ਰੀ ਦੀਪਕ ਪਾਰੀਕ, ਐਸ.ਡੀ.ਐਮਜ਼ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਡਾ ਬਲਜਿੰਦਰ ਸਿੰਘ ਢਿੱਲੋਂਂ, ਏ.ਸੀ.ਪੀ. ਟ੍ਰੈਫਿਕ ਸ.ਗੁਰਦੇਵ ਸਿੰਘ, ਐਨ.ਐਚ.ਏ.ਆਈ. ਦੇ ਕਈ ਪ੍ਰਾਜੈਕਟ ਡਾਇਰੈਕਟਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

About Author

Leave A Reply

WP2Social Auto Publish Powered By : XYZScripts.com