
- ਲਾਭਪਾਤਰੀਆਂ ਨਾਲ ਕੀਤੀ ਗੱਲਬਾਤ, ਏ-ਬੀ-ਐਸ.ਐਸ.ਬੀ.ਵਾਈ. ਸਕੀਮ ਦਾ ਪੂਰਾ ਲਾਭ ਲੈਣ ਦੀ ਕੀਤੀ ਅਪੀਲ
- ਪੀਲੇ ਕਾਰਡ ਧਾਰਕ/ਐਕਰੀਡੇਟਿਡ ਪੱਤਰਕਾਰ, ਈ-ਰਾਸ਼ਨ ਕਾਰਡ ਲਾਭਪਾਤਰੀ, ਨਿਰਮਾਣ ਮਜ਼ਦੂਰ, ਛੋਟੇ ਵਪਾਰੀ ਅਤੇ ਜੇ-ਫਾਰਮ ਧਾਰਕ ਕਿਸਾਨ ਏ-ਬੀ-ਐਸ.ਐਸ.ਬੀ.ਵਾਈ. ਸਕੀਮ ਅਧੀਨ ਕੈਸ਼ਲੈਂਸ ਬੀਮੇ ਦਾ ਲੈਣ ਲਾਹਾ – ਡਿਪਟੀ ਕਮਿਸ਼ਨਰ
- ਈ-ਕਾਰਡ ਨੇੜਲੇ ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰਾਂ ਜਾਂ ਸੁਵਿਧਾ ਕੇਂਦਰਾਂ ਵਿਖੇ ਬਣਾਏ ਜਾ ਸਕਦੇ ਹਨ
ਲੁਧਿਆਣਾ,(ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ(ਸੀ.ਐਸ.ਸੀ.) ‘ਤੇ ਲਗਾਏ ਗਏ ਸਪੈਸਲ ਕੈਂਪਾਂ ਦਾ ਦੌਰਾ ਕੀਤਾ। ਉਨ੍ਹਾਂ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਆਯੁਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ (ਏਬੀ-ਐਸਐਸਬੀਵਾਈ) ਦਾ ਪੂਰਾ ਲਾਭ ਲੈਣ ਦੀ ਅਪੀਲ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਸਰਕਾਰੀ ਅਤੇ ਨਿੱਜੀ ਦੋਵਾਂ ਹਸਪਤਾਲਾਂ ਵਿੱਚ ਇਸ ਸਕੀਮ ਤਹਿਤ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ਼ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੀਲੇ ਕਾਰਡ ਧਾਰਕ/ਐਕਰੀਡੇਟਿਡ ਪੱਤਰਕਾਰ, ਈ-ਰਾਸ਼ਨ ਕਾਰਡ ਲਾਭਪਾਤਰੀ, ਨਿਰਮਾਣ ਮਜ਼ਦੂਰ, ਛੋਟੇ ਵਪਾਰੀ ਅਤੇ ਜੇ-ਫਾਰਮ ਧਾਰਕ ਕਿਸਾਨ ਆਪਣੇ ਈ-ਕਾਰਡ ਨਜ਼ਦੀਕੀ ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ।) ਜਾਂ ਸੁਵਿਧਾ ਕੇਂਦਰ ਵਿਖੇ ਜਾ ਕੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤਾਂ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਆਯੂਸ਼ਮਾਨ ਭਾਰਤ-ਸਰਬੱਤ ਸਹਿਤ ਬੀਮਾ ਯੋਜਨਾ (ਏ-ਬੀ-ਐਸ.ਐਸ.ਬੀ.ਵਾਈ.) ਤਹਿਤ ਕੈਸ਼ਲੈੱਸ ਬੀਮੇ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਲਾਭਪਾਤਰੀ ਨੇੜਲੇ ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰਾਂ ਜਾਂ ਸੁਵਿਧਾ ਕੇਂਦਰਾਂ ਵਿਖੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ ਜਿਸ ਲਈ ਉਨ੍ਹਾਂ ਨੂੰ ਪ੍ਰਤੀ ਕਾਰਡ ਬਣਾਉਣ ‘ਤੇ ਸਿਰਫ 30 ਰੁਪਏ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਈ-ਕਾਰਡ ਬਣਾਉਣ ਅਤੇ ਰਜਿਸ਼ਟ੍ਰੇਸ਼ਨ ਕਰਾਉਣ ਸਮੇਂ ਆਪਣੇ ਆਧਾਰ ਕਾਰਡ ਨਾਲ ਲਿਜਾਣੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਪ੍ਰਮਾਣਿਤ ਹਸਪਤਾਲਾਂ ਅਤੇ ਲਾਭਪਾਤਰੀਆਂ ਦੀ ਯੋਗਤਾ ਦੀ ਸੂਚੀ sha.punjab.gov.in ‘ਤੇ ਵੇਖੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਯੋਜਨਾ ਲਾਭਪਾਤਰੀਆਂ ਨੂੰ 1579 ਪੈਕੇਜ ਦੀ ਪੇਸ਼ਕਸ਼ ਕਰਦੀ ਹੈ ਜਿਨ੍ਹਾਂ ਵਿਚ 180 ਪੈਕੇਜ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਹਨ, ਜਿਨ੍ਹਾਂ ਵਿਚੋਂ 25 ਪੈਕੇਜ ਨਿੱਜੀ ਹਸਪਤਾਲਾਂ ਵਿਚ ਰੈਫਰ ਕੀਤੇ ਗਏ ਹਨ।