
- ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਤੇ ਸਿਆਸੀ ਪਾਰਟੀਆਂ ਦਾ ਸ਼ਾਂਤਮਈ ਢੰਗ ਨਾਲ ਚੋਣਾਂ ਲਈ ਕੀਤਾ ਧੰਨਵਾਦ
- ਕਿਹਾ! ਵੋਟਾਂ ਦੀ ਗਿਣਤੀ ਹੋਵੇਗੀ 17 ਫਰਵਰੀ ਨੂੰ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 8 ਥਾਵਾਂ ‘ਤੇ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ 70.33 ਫੀਸਦ ਵੋਟਰਾਂ ਨੇ ਆਪਣੀ ਵੋਟ ਪਾਈ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਖੰਨਾ, ਜਗਰਾਉਂ, ਸਮਰਾਲਾ, ਰਾਏਕੋਟ, ਦੋਰਾਹਾ, ਪਾਇਲ ਅਤੇ ਜਿਮਨੀ ਚੋਣਾਂ ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ 8(ਜਨਰਲ) ਵਿੱਚ ਅਤੇ ਸਾਹਨੇਵਾਲ ਦੇ ਵਾਰਡ ਨੰਬਰ 6 ਵਿੱਚ ਹੋਈਆਂ ਹਨ।
ਵੋਟਰਾਂ ਨੂੰ ਆਪਣੀ ਵੋਟ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਤੱਕ ਤੈਅ ਕੀਤਾ ਗਿਆ ਸੀ ਜਿਸ ਵਿੱਚ ਖੰਨਾ ਵਿਖੇ ਕੁੱਲ 68.72 ਫੀਸਦ ਵੋਟਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ, ਜਗਰਾਓਂ ਵਿੱਚ 68.47 ਫੀਸਦ, ਸਮਰਾਲਾ ਵਿੱਚ 73.96 ਫੀਸਦ, ਰਾਏਕੋਟ ਵਿੱਚ 74.80 ਫੀਸਦ, ਦੋਰਾਹਾ ਵਿੱਚ 74.43 ਫੀਸਦ, ਪਾਇਲ ਵਿਚ 83.09 ਫੀਸਦ, ਮੁੱਲਾਂਪੁਰ ਵਿੱਚ 68.50 ਫੀਸਦ ਅਤੇ ਸਾਹਨੇਵਾਲ ਵਿੱਚ 61.16 ਫੀਸਦ ਵੋਟਾਂ ਪਈਆਂ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵੋਟਰਾਂ ਅਤੇ ਸਿਆਸੀ ਪਾਰਟੀਆਂ ਨੂੰ ਚੋਣਾਂ ਦੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਚੋਣ ਅਮਲੇ ਨੂੰ ਇਨ੍ਹਾਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਕੀਤੀ ਜਾਵੇਗੀ।