- 01 ਮਾਰਚ, 2021 ਤੋਂ ਸੁਰੂ ਹੋਣ ਵਾਲੇ ਕੋਰਸ ‘ਚ ਟਰਨਰ/ਫਿਟਰ/ਵੈਲਡਿੰਗ, ਸਿਲਾਈ-ਕਟਾਈ ਅਤੇ ਰੇਡੀਓ ਅਤੇ ਟੀ.ਵੀ. ਹਨ ਸ਼ਾਮਲ
- ਚਾਹਵਾਨ ਬਿਨੈਕਾਰ 25 ਫਰਵਰੀ, 2021 ਤੱਕ ਕਰ ਸਕਦੇ ਹਨ ਅਪਲਾਈ
- ਵਧੇਰੇ ਜਾਣਕਾਰੀ ਲਈ 0161-2490883/2970120 ‘ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ
ਲੁਧਿਆਣਾ,(ਸੰਜੇ ਮਿੰਕਾ) – ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ ਦਿਵਿਆਂਗ ਜਨ ਲਈ ਸਿਖਲਾਈ ਅਤੇ ਰੋਜ਼ਗਾਰ ਸਬੰਧੀ ‘ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਦਿਵਿਆਂਗ ਲਈ’ (ਐਨ.ਸੀ.ਐਸ.ਸੀ. ਫਾਰ ਡੀ.ਏ.) ਸਥਾਨਕ ਏ.ਟੀ.ਆਈ. ਕੈਂਪਸ, ਗਿੱਲ ਰੋਡ, ਲੁਧਿਆਣਾ ਵਿਖੇ ਸਥਾਪਤ ਕੀਤਾ ਗਿਆ ਹੈ। ਇਹ ਕੇਂਦਰ ਦਿਵਿਆਂਗ ਵਿਅਕਤੀਆਂ ਨੂੰ ਰੋਜ਼ਗਾਰ ਪੰਜੀਕਰਣ, ਕੌਸ਼ਲ ਵਿਕਾਸ ਅਤੇ ਕਾਰੋਬਾਰ ਕਰਨ ਵਿੱਚ ਸਹਿਯੋਗ ਕਰਨ ਲਈ ਰਾਹ ਦਸੇਰਾ ਹੈ। ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਵੱਲੋਂ ਇਸ ਸਬੰਧੀ ਵੱਖ-ਵੱਖ ਸ੍ਰੇਣੀਆਂ ਵਿੱਚ 6 ਮਹੀਨੇ ਦਾ ਮੁਫਤ ਕੋਰਸ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਧਾਤੂਕਲਾ ਦੇ ਕੋਰਸ ਵਿੱਚ ਟਰਨਰ/ਫਿਟਰ/ਵੈਲਡਿੰਗ, ਸਿਲਾਈ ਅਤੇ ਕਟਾਈ ਵਿੱਚ ਡ੍ਰੈਸ ਮੇਕਿੰਗ, ਲੇਡੀਜ਼, ਜੈਂਟਸ ਅਤੇ ਕਿਡਜ਼ ਡ੍ਰੈਸ ਅਤੇ ਰੇਡੀਓ ਅਤੇ ਟੀ.ਵੀ. ਕੋਰਸ ਵਿੱਚ ਰਿਪੇਅਰ ਆਫ ਹੋਮ ਅਪਲਾਇੰਸ, ਵਾਇਰਿੰਗ ਆਦਿ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਪਹਿਲੀ ਮਾਰਚ, 2021 ਤੋਂ ਸੁਰੂ ਹੋਣ ਵਾਲੇ ਇਨ੍ਹਾਂ ਕੋਰਸਾਂ ਲਈ 2500 ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਵੇਗਾ। ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਨਿਰਧਾਰਤ ਸ਼ਰਤਾਂ ਵਿੱਚ ਬਿਨੈਕਾਰ ਦੀ ਉਮਰ ਹੱਦ 15 ਸਾਲ ਤੋਂ 50 ਸਾਲ ਤੱਕ ਹੋਵੇਗੀ, ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ, ਦਫ਼ਤਰ ਸਿਵਲ ਸਰਜਨ ਵੱਲੋਂ ਜਾਰੀ ਦਿਵਿਆਂਗਤਾਂ ਦਾ 40 ਪ੍ਰਤੀਸ਼ਤ ਜਾਂ ਉਸ ਤੋਂ ਵੱਧ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਬਿਨੈਕਾਰ ਕਿਸੇ ਵੀ ਕੰਮ ਵਾਲੇ ਦਿਨ ਇਸ ਕੇਂਦਰ ਤੋਂ ਮੁਫ਼ਤ ਅਰਜ਼ੀ ਪੱਤਰ ਪ੍ਰਾਪਤ ਕਰਕੇ 25 ਫਰਵਰੀ, 2021 ਤੱਕ ਜਮ੍ਹਾਂ ਕਰਵਾ ਸਕਦਾ ਹੈ। ਚਾਹਵਾਨ ਬਿਨੈਕਾਰ ਅਪਲਾਈ ਕਰਨ ਸਮੇਂ ਆਧਾਰ ਕਾਰਡ/ਦਿਵਿਆਂਗਤਾ ਸਰਟੀਫਿਕੇਟ/ਬੈਂਕ ਪਾਸ ਬੁੱਕ/ਜਾਤੀ ਪ੍ਰਮਾਣ ਪੱਤਰ/ਯੋਗਤਾ ਸਰਟੀਫਿਕੇਟ ਦੀਆਂ ਅਸਲ ਅਤੇ ਫੋਟੋ ਕਾਪੀਆਂ ਦੇ ਨਾਲ 2 ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ 0161-2490883/2970120 ‘ਤੇ ਵੀ ਸੰਪਰਕ ਕਰ ਸਕਦੇ ਹਨ।