- ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ‘ਚ ਸੁਰੂ ਕੀਤੀ ਜਾ ਰਹੀ ਹੈ ਨੈਸ਼ਨਲ ਪਲਸ ਪੋਲੀਓ ਮੁਹਿੰਮ
ਵਧੀਕ ਡਿਪਟੀ ਕਮਿਸ਼ਨਰ(ਜ) ਦੀ ਅਗਵਾਈ ਵਿੱਚ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਆਯੋਜਿਤ
ਲੁਧਿਆਣਾ, (ਸੰਜੇ ਮਿੰਕਾ)- ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ ਦੀ ਅਗਵਾਈ ਵਿੱਚ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਲਸ ਪੋਲੀਓ ਮੁਹਿੰਮ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਲੁਧਿਆਣਾ ਡਾ.ਸੁਖਜੀਵਨ ਕੱਕੜ ਵੀ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਨੈਸ਼ਨਲ ਪਲਸ ਪੋਲੀਓ ਰਾਊਂਡ 31 ਜਨਵਰੀ 2021 ਤੋਂ 4 ਫਰਵਰੀ 2021 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ 4,87,642 ਬੱਚਿਆਂ ਨੂੰ ਸਿਹਤ ਵਿਭਾਗ ਵੱਲੋਂ ਕਵਰ ਕਰਨ ਦਾ ਟੀਚਾ ਹੈ। ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਪਲਸ ਪੋਲੀਓ ਰਾਊਂਡ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫਤਰ ਸਿਵਲ ਸਰਜਨ ਲੁਧਿਆਣਾ ਵੱਲੋਂ ਜ਼ਿਲ੍ਹੇ ਵਿੱਚ 673 ਬੂਥ, 505 ਸਬ-ਬੂਥ, 1357 ਹਾਊਸ ਟੂ ਹਾਊਸ ਟੀਮ, 105 ਟਰਾਂਜ਼ਿਟ ਟੀਮਾਂ, 105 ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਨ੍ਹਾਂ ਟੀਮਾਂ ਦੀ ਦੇਖ ਰੇਖ ਕਰਨ ਲਈ 505 ਸੁਪਰਵਾਈਜ਼ਰ ਲਗਾਏ ਗਏ ਹਨ। ਇਸ ਨੈਸ਼ਨਲ ਰਾਊਂਡ ਵਿੱਚ ਬਲਾਕਾਂ ਵੱਲੋਂ (ਸੀ.ਐਚ.ਸੀ.ਮਲੌਦ, ਸੀ.ਐਚ.ਸੀ.ਪਾਇਲ, ਸੀ.ਐਚ.ਸੀ. ਮਾਨੂੰਪੁਰ, ਸੀ.ਐਚ.ਸੀ. ਸਿੱਧਵਾਂ ਬੇਟ, ਸੀ.ਐਚ.ਸੀ. ਸੁਧਾਰ, ਸੀ.ਐਚ.ਸੀ. ਪੱਖੋਵਾਲ, ਸੀ.ਐਚ.ਸੀ. ਹਠੂਰ, ਸੀ.ਐਚ.ਸੀ. ਮਾਛੀਵਾੜਾ ਅਤੇ ਸਿਵਲ ਹਸਪਤਾਲ ਜਗਰਾਓ, ਸਿਵਲ ਹਸਪਤਾਲ ਖੰਨਾ, ਸਿਵਲ ਹਸਪਤਾਲ ਸਮਰਾਲਾ, ਸਿਵਲ ਹਸਪਤਾਲ ਰਾਏਕੋਟ ਵਿਖੇ) ਤਿੰਨ ਦਿਨ ਰਾਊਂਡ ਹੋਵੇਗਾ। ਜਿਸ ਵਿੱਚ ਮਿਤੀ 31 ਜਨਵਰੀ 2021 ਨੂੰ ਬੂਥ ਲਗਾਏ ਜਾਣਗੇ ਅਤੇ 1 ਅਤੇ 2 ਫਰਵਰੀ 2021 ਨੂੰ ਘਰ-ਘਰ ਜਾ ਕੇ 5 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਲੁਧਿਆਣਾ ਸ਼ਹਿਰ ਅਤੇ ਸਾਹਨੇਵਾਲ ਬਲਾਕ ਵਿੱਚ ਇਹ ਰਾਊਂਡ 5 ਦਿਨ ਦਾ ਹੋਵੇਗਾ ਅਤੇ ਕੂੰਮਕਲਾਂ ਬਲਾਕ ਦੇ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ 5 ਦਿਨ ਅਤੇ ਕੂੰਮਕਲਾਂ ਬਲਾਕ ਦੇ ਪਿੰਡਾਂ ਵਿੱਚ 3 ਦਿਨ ਦਾ ਰਾਊਂਡ ਹੋਵੇਗਾ।