- ਸਰਕਾਰੀ ਸੀਨੀਅਰ ਸੈਕੰਡਰੀ ਲਾਢੋਵਾਲ ਦੀ ਨਵੀਂ ਬਣੀ ਇਮਾਰਤ ਦੇ ਬਲਾਕ ਦਾ ਕੀਤਾ ਉਦਘਾਟਨ
- ਵਰਧਮਾਨ ਗਰੁੱਪ ਵੱਲੋਂ ਸੀ.ਐਸ.ਆਰ. ਰਾਹੀਂ ਤਿਆਰ ਕਰਵਾਈ ਗਈ ਨਵੀਂ ਬਿਲਡਿੰਗ

ਲੁਧਿਆਣਾ, (ਸੰਜੇ ਮਿੰਕਾ)- ਵਰਧਮਾਨ ਗਰੁੱਪ ਵੱਲੋਂ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਆਪਣੇ ਉਦੇਸ਼ ਦੀ ਪੂਰਤੀ ਨੂੰ ਜਾਰੀ ਰੱਖਦੇ ਹੋਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਢੋਵਾਲ (ਜ਼ਿਲ੍ਹਾ ਲੁਧਿਆਣਾ) ਵਿਖੇ ਤਿਆਰ ਕਰਕੇ ‘ਵਰਧਮਾਨ ਬਲਾਕ’ ਸੌਂਪਿਆ ਗਿਆ।
ਗਰੁੱਪ ਦੀ ਸੀ.ਐਸ.ਆਰ. ਪਹਿਲ ਵਰਧਮਾਨ ਸਕੂਲ ਵਿਕਾਸ ਪ੍ਰੋਗਰਾਮ, ਜਿਸ ਨੂੰ ਸਾਲ 2021 ਦਾ ਇੰਡੀਆ ਸੀ.ਐਸ.ਆਰ. ਪ੍ਰੋਜੈਕਟ ਵੀ ਚੁਣਿਆ ਗਿਆ ਹੈ, ਨੇ ਵਿਦਿਆਰਥੀਆਂ ਨੂੰ ਆਪਣੀ ਕਿਸਮਤ ਦੁਬਾਰਾ ਲਿਖਣ ਦਾ ਮੌਕਾ ਦਿੱਤਾ ਹੈ। ਇਸ ਸਕੂਲ ਦੀ ਇਮਾਰਤ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਡੀ.ਈ.ਓ. ਸ੍ਰੀਮਤੀ ਰਜਿੰਦਰ ਕੌਰ, ਸੰਯੁਕਤ ਐਮ.ਡੀ. ਵਰਧਮਾਨ ਗਰੁੱਪ ਸ੍ਰੀ ਨੀਰਜ ਜੈਨ, ਪਿੰਡ ਦੇ ਸਰਪੰਚ ਸ੍ਰੀ ਬਾਦਸ਼ਾਹ ਸਿੰਘ ਦਿਓਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਇਹ ਲੁਧਿਆਣਾ ਦਾ ਛੇਵਾਂ ਸਕੂਲ ਹੈ ਜਿਸ ਦੀ ਇਮਾਰਤ ਨੂੰ ਵਰਧਮਾਨ ਗਰੁੱਪ ਵੱਲੋਂ ਦੁਆਰਾ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਸ ਪ੍ਰੋਗਰਾਮ ਅਧੀਨ ਵਿਕਸਤ ਕੀਤੇ ਗਏ ਹੋਰ ਪੰਜ ਸਕੂਲ ਸਰਕਾਰੀ ਹਾਈ ਸਕੂਲ, ਲੋਹਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਸਾਬਾਦ, ਸਰਕਾਰੀ ਹਾਈ ਸਕੂਲ ਗਿਆਸਪੁਰਾ, ਸਰਕਾਰੀ ਪ੍ਰਾਇਮਰੀ ਸਕੂਲ, ਗਿਆਸਪੁਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਹਨ। ਸਕੂਲ ਵਿੱਚ ਆਯੋਜਿਤ ਸ਼ਾਨਦਾਰ ਸਮਾਰੋਹ ਦੌਰਾਨ ਸਕੂਲ ਪ੍ਰਬੰਧਕਾਂ ਨੂੰ 12 ਕਮਰਿਆਂ ਵਾਲੀ ਨਵੀਂ ਉਸਾਰੀ ਗਈ ਇਮਾਰਤ ਸੌਂਪੀ ਗਈ ਜਿਸ ਵਿੱਚ 10 ਕਲਾਸਰੂਮ ਅਤੇ 2 ਸਟਾਫ ਵੀ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਸ਼ਰਮਾ ਵੱਲੋਂ ਵਰਧਮਾਨ ਗਰੁੱਪ ਦੁਆਰਾ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਸਾਰਿਆਂ ਨੂੰ ਸਿੱਖਿਆ’ ਪ੍ਰਦਾਨ ਕਰਨ ਦੇ ਉਦੇਸ਼ ਲਈ ਚੰਗਾ ਉੱਦਮ ਹੈ। ਉਨ੍ਹਾਂ ਹੋਰਨਾਂ ਕਾਰਪੋਰੇਟ ਘਰਾਣਿਆਂ ਨੂੰ ਵੀ ਅੱਗੇ ਆਉਣ ਅਤੇ ਸਾਡੇ ਸੂਬੇ ਵਿੱਚ ਸਕੂਲ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਕੂਲ ਦੇ ਅੰਦਰ ਟਾਇਲਟ ਬਲਾਕ ਬਣਾਉਣ ਲਈ ਵਰਸਾਟਾਈਲ ਗਰੁੱਪ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ। ਸਕੂਲ ਪ੍ਰਸ਼ਾਸਨ ਵੱਲੋਂ ਵਰਧਮਾਨ ਗਰੁੱਪ ਦੁਆਰਾ ਦਿੱਤੇ ਇਸ ਵੱਡੇ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡੀ.ਈ.ਓ. ਸ੍ਰੀਮਤੀ ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਨ ਦੀ ਅਪੀਲ ਕੀਤੀ ਅਤੇ ਵਰਧਮਾਨ ਗਰੁੱਪ ਦਾ ਵੀ ਧੰਨਵਾਦ ਕੀਤਾ ਜ਼ਿਨ੍ਹਾਂ ਸਰਕਾਰੀ ਸਕੂਲਾਂ ਨੂੰ ਨਿੱਜੀ ਸੰਸਥਾਵਾਂ ਵਰਗਾ ਬੁਨਿਆਦੀ ਢਾਂਚਾ ਵੀ ਮੁਹੱਈਆ ਕਰਵਾਇਆ। ਜੇ.ਐਮ.ਡੀ. ਵਰਧਮਾਨ ਟੈਕਸਟਾਈਲਜ਼ ਸ੍ਰੀ ਨੀਰਜ ਜੈਨ ਨੇ ਕਿਹਾ ਕਿ ‘ਵਰਧਮਾਨ ਸਕੂਲ ਵਿਕਾਸ ਪ੍ਰੋਗਰਾਮ’ ਤਹਿਤ ਅਸੀਂ ਆਪਣੇ ਨਿਰਮਾਣ ਕਰਨ ਵਾਲੇਂ ਯੂਨਿਟਾਂ ਦੇ ਆਸ ਪਾਸ ਪੈਂਦੇ ਸਕੂਲਾਂ ਵਿਚ ਲੋੜ ਅਨੁਸਾਰ ਸਹੂਲਤਾਂ ਮੁਹੱਈਆ ਕਰਵਾਉਂਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ ਅਤੇ ਸਾਨੂੰ ਇਸ ਕੰਮ ਵਿਚ ਯੋਗਦਾਨ ਪਾਉਣ ਦੇ ਯੋਗ ਹੋਣ ‘ਤੇ ਖੁਸ਼ੀ ਹੈ।