Friday, May 9

ਜ਼ਿਲ੍ਹਾ ਲੁਧਿਆਣਾ ਕੋਵਿਡ-19 ਟੀਕਾਕਰਣ ਵਿੱਚ ਮੋਹਰੀ – ਡਿਪਟੀ ਕਮਿਸ਼ਨਰ

  • ਕਿਹਾ! ਹੁਣ ਤੱਕ 11,845 ਸਿਹਤ ਕਰਮੀਆਂ ਵੱਲੋਂ ਕਰਵਾਇਆ ਗਿਆ ਕੋਵਿਡ-19 ਟੀਕਾਕਰਣ
  • ਸਕੂਲਾਂ ‘ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕੀਤੀ ਅਪੀਲ, ਬੱਚੇ ਕੋਰੋਨਾ ਪ੍ਰੋਟੋਕਾਲ ਦੀ ਕਰਨ ਪਾਲਣਾ
  • ਵੋਟਰਾਂ ਤੇ ਰਾਜਨੀਤਿਕ ਪਾਰਟੀਆਂ ਵੀ ਕਰਨ ਕੋਵਿਡ ਪ੍ਰੋਟੋਕਾਲਾਂ ਦੀ ਪਾਲਣਾ
  • ਫੇਸਬੁੱਕ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਨਾਲ ਹੋਏ ਰੂ-ਬਰੂ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਕੋਵਿਡ-19 ਟੀਕਾਕਰਣ ਵਿੱਚ ਪਹਿਲੇ ਨੰਬਰ ਤੇ ਰਿਹਾ ਹੈ। ਉਨ੍ਹਾਂ ਦੱਸਿਆ ਕਿ 11,845 ਸਿਹਤ ਕਰਮੀਆਂ ਵੱਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਕੋਵਿਡ-19 ਟੀਕਾਕਰਣ ਕਰਵਾਇਆ ਗਿਆ ਹੈ ਜੋ ਕਿ ਪੰਜਾਬ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਉਨ੍ਹਾਂ ਇਹ ਜਾਣਕਾਰੀ ਜ਼ਿਲ੍ਹਾ ਲੋਕ ਸੰਪਰਕ ਦਫਤਰ ਲੁਧਿਆਣਾ ਦੇ ਫੇਸਬੁੱਕ ਪੇਜ ‘ਤੇ ਹਰ ਬੁੱਧਵਾਰ ਹੋਣ ਵਾਲੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਟੀਕਾਕਰਨ ਪੂਰੀ ਤਰ੍ਹਾਂ ਸਵੈ-ਇੱਛੁਕ ਹੈ ਅਤੇ ਪਹਿਲੇ ਪੜਾਅ ਤਹਿਤ ਇਹ ਕੋਵਿਡ-19 ਵੈਕਸੀਨੇਸ਼ਨ ਸਿਰਫ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਸਿਹਤ ਕਰਮਚਾਰੀਆਂ ਦੀ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਲਗਾਇਆ ਜਾ ਰਿਹਾ ਹੈ ਅਤੇ ਟੀਕਾ ਲਗਵਾਉਣ ਤੋਂ ਬਾਅਦ ਵਿਅਕਤੀ ਨੂੰ 30 ਮਿੰਟ ਲਈ ਡਾਕਟਰਾਂ ਦੀ ਦੇਖਰੇਖ ਹੇਠ ਰੱਖਿਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ-19 ਟੀਕਾਕਰਨ ਨੂੰ ਜ਼ਿਲ੍ਹਾ ਲੁਧਿਆਣਾ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਤੱਕ ਇਸ ਟੀਕੇ ਦੇ ਕੋਈ ਮਾੜੇ ਪ੍ਰਭਾਵ ਸਾਹਮਣੇ ਨਹੀਂ ਆਏ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਸਿਹਤ ਵਿਭਾਗ ਦੇ ਅਧਿਕਾਰੀ ਵੱਡੀ ਗਿਣਤੀ ਵਿਚ ਸਵੈ-ਇੱਛਾ ਨਾਲ ਇਹ ਟੀਕਾ ਲਗਵਾ ਰਹੇ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ।
ਉਨ੍ਹਾਂ ਅੱਗੇ ਕਿਹਾ ਕਿ ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਖੰਨਾ, ਜਗਰਾਉਂ, ਸਮਰਾਲਾ, ਰਾਏਕੋਟ, ਦੋਰਾਹਾ, ਪਾਇਲ, ਜਿਮਨੀ ਚੌਣਾਂ ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ 8 (ਜਨਰਲ) ਅਤੇ ਸਾਹਨੇਵਾਲ ਦੇ ਵਾਰਡ ਨੰਬਰ 6 ਵਿੱਚ ਚੋਣ ਹੋਣਗੀਆਂ। ਉਨ੍ਹਾਂ ਕਿਹਾ ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਲੋਕਾਂ ਦੇ ਵੱਡੇ ਹਿੱਤ ਵਿੱਚ ਕੋਵਿਡ-19 ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 30 ਜਨਵਰੀ, 2021 ਨੂੰ ਸ਼ੁਰੂ ਹੋਵੇਗੀ ਅਤੇ ਆਖ਼ਰੀ ਤਰੀਕ 3 ਫਰਵਰੀ, 2021 ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ, 2021 ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 5 ਫਰਵਰੀ, 2021 ਹੈ ਜੋਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦੀ ਮਿਤੀ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ 12 ਫਰਵਰੀ, 2021 ਨੂੰ ਸ਼ਾਮ 5 ਵਜੇ ਖ਼ਤਮ ਹੋਵੇਗਾ। ਵੋਟਿੰਗ 14 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਨਿਗਮ ਦੇ ਉਮੀਦਵਾਰ ਲਈ ਖਰਚੇ ਦੀ ਹੱਦ 3 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ, ਨਗਰ ਕੌਂਸਲ ਕਲਾਸ-1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ 1.05 ਲੱਖ ਰੁਪਏ ਹੈ. ਉਨ੍ਹਾਂ ਅੱਗੇ ਕਿਹਾ ਕੋਵਿਡ-19 ਨੂੰ ਧਿਆਨ ਵਿਚ ਰੱਖਦਿਆਂ, ਚੋਣ ਪ੍ਰਕਿਰਿਆ ਦੌਰਾਨ ਅਪਣਾਏ ਜਾਣ ਵਾਲੇ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਵਾਲਾ ਐਸ.ਓ.ਪੀ. 10 ਦਸੰਬਰ, 2020 ਨੂੰ ਜਾਰੀ ਕਰ ਦਿੱਤਾ ਗਿਆ ਸੀ। ਉਨ੍ਹਾਂ ਸਕੂਲਾਂ ਵਿੱਚ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ੳਹ ਇਹ ਯਕੀਨੀ ਬਣਾਉਂਣ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਰਹਿਣ ਲਈ ਕੋਰੋਨਾ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸਕੂਲਾਂ ਵਿਚ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਿਘਨ ਨਾ ਪਵੇ।

About Author

Leave A Reply

WP2Social Auto Publish Powered By : XYZScripts.com