Friday, May 9

ਜਿਹੜਾ ਵਿਧਾਨ ਸਭਨਾਂ ‘ਤੇ ਲਾਗੂ ਹੋਣਾ ਹੈ, ਉਸ ਦੇ ਫੈਸਲੇ ਸਹਿਮਤੀ ਨਾਲ ਲਏ ਜਾਣੇ ਲਾਜ਼ਮੀ: ਆਸ਼ੂ

  • ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਖੇਡ ਸਟੇਡੀਅਮ ਸਰਹਿੰਦ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਲਹਿਰਾਇਆ ਕੌਮੀ ਝੰਡਾ
  • ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
  • ਵੱਖ ਵੱਖ ਵਿਭਾਗਾਂ ਵੱਲੋਂ ਕੱਢੀਆਂ ਗਈਆਂ ਝਾਕੀਆਂ

ਫਤਹਿਗੜ੍ਹ ਸਾਹਿਬ, (ਸੰਜੇ ਮਿੰਕਾ) – ਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਖੇਡ ਸਟੇਡੀਅਮ, ਸਰਹਿੰਦ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ, ਪੰਜਾਬ, ਭਾਰਤ ਭੂਸ਼ਨ ਆਸ਼ੂ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ।ਇਸ ਮੌਕੇ ਉਨ੍ਹਾਂ ਨੇ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਅਤੇ ਪਰੇਡ ਕਮਾਂਡਰ ਡੀ.ਐਸ.ਪੀ. ਪ੍ਰਿਥਵੀ ਸਿੰਘ ਚਾਹਲ ਦੀ ਅਗਵਾਈ ਹੇਠ ਮਾਰਚ ਪਾਸਟ ਤੋਂ ਸਲਾਮੀ ਲਈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਆਸ਼ੂ ਨੇ ਕਿਹਾ ਕਿ ਆਜ਼ਾਦੀ ਉਪਰੰਤ 26 ਜਨਵਰੀ 1950 ਦੇ ਦਿਨ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀ।ਭਾਰਤ ਇੱਕ ਬਹੁ-ਭਾਸ਼ਾਈ, ਬਹੁਭਾਂਤੀ ਸੱਭਿਆਚਾਰ, ਕਈ ਰਾਜਾਂ, ਖਿੱਤਿਆਂ ਦਾ ਸੁਮੇਲ ਵਾਲਾ ਦੇਸ਼ ਹੋਣ ਕਰ ਕੇ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਅੱਗੇ ਇਹ ਵੱਡੀ ਚੁਣੌਤੀ ਸੀ ਕਿ ਅਜਿਹਾ ਸੰਵਿਧਾਨ ਬਣਾਇਆ ਜਾਵੇ ਜੋ ਦੇਸ਼ ਨੂੰ ਇੱਕ ਸੂਤਰ ਵਿੱਚ ਬੰਨ੍ਹ ਸਕੇ।ਆਜ਼ਾਦੀ ਮਗਰੋਂ ਦੇਸ਼ ਦੀ ਸੰਵਿਧਾਨ ਘੜਨੀ ਸਭਾ ਦਾ ਗਠਨ ਡਾ. ਭੀਮ ਰਾਓ ਅੰਬੇਦਕਰ ਦੀ ਅਗਵਾਈ ਹੇਠ ਕੀਤਾ ਗਿਆ ਅਤੇ ਆਪਣਾ ਆਜ਼ਾਦ ਵਿਧਾਨ ਘੜ੍ਹਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਵਿੱਚ ਦੇਸ਼ ਦੇ ਪ੍ਰਮੁੱਖ ਕਾਨੂੰਨਦਾਨ ਸ਼ਾਮਿਲ ਕੀਤੇ ਗਏ ਸਨ। ਡਾ. ਅੰਬੇਦਕਰ ਨੇ ਮੁਲਕ ਦੇ ਹਰ ਨਾਗਰਿਕ ਵਾਸਤੇ ਸਰਬਪੱਖੀ ਵਿਕਾਸ ਦੇ ਮੌਕੇ ਦੇਣ ਵਾਲਾ ਸੰਵਿਧਾਨ ਤਿਆਰ ਕੀਤਾ ਤੇ ਕਿਹਾ ਕਿ ਨਵੀਂ ਹਵਾ ਦੀ ਤਾਜ਼ਗੀ ਨਾਲ ਭਾਰਤ ਵਾਸੀ ਨਵੇਂ ਯੁਗ ਦਾ ਵਿਕਾਸ ਕਰਨਗੇ।ਹਰ ਮਨੁੱਖ ਨੂੰ ਸਮਾਜਿਕ, ਆਰਥਿਕ, ਰਾਜਨੀਤਕ ਤੇ ਧਾਰਮਿਕ ਆਜ਼ਾਦੀ ਦੇਣਾ ਤੇ ਦਿਵਾਉਣਾ ਦੇਸ਼ ਦੇ ਸੰਵਿਧਾਨ ਦਾ ਫ਼ਰਜ਼ ਹੋਵੇਗਾ, ਜਿਸ ਨੂੰ ਇੱਕ ਇੱਕ ਸ਼ਬਦ ਦੀ ਭਾਵਨਾ ਦੇ ਅਨੁਸਾਰ ਵਰਤਿਆ ਜਾਵੇਗਾ। ਸ੍ਰੀ ਆਸ਼ੂ ਨੇ ਕਿਹਾ ਕਿ ਅੱਜ ਕੱਲ੍ਹ ਜਿਸ ਢੰਗ ਨਾਲ ਸੰਵਿਧਾਨ ਵਿੱਚ ਸੋਧਾਂ ਕਰਕੇ ਵਖਰੇਵੇਂ ਪੈਦਾ ਕੀਤੇ ਜਾ ਰਹੇ ਹਨ, ਇਹ ਦੇਸ਼ ਦੀ ਆਜ਼ਾਦੀ, ਏਕਤਾ, ਅਖੰਡਤਾ ਤੇ ਸਰਬਪੱਖੀ ਵਿਕਾਸ ਦੇ ਸੁਪਨੇ ਨੂੰ ਤੋੜਨ ਬਰਾਬਰ ਹੈ। ਵਿਧਾਨ ਦੀ ਪ੍ਰਸਤਾਵਨਾ ‘ਚ ਸਪਸ਼ਟ ਲਿਖਿਆ ਹੋਇਆ ਹੈ ਕਿ ਸਮਾਜਿਕ, ਆਰਥਿਕ ਤੇ ਸਿਆਸੀ ਨਿਆਂ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਵਿਸ਼ਵਾਸ ਦੀ ਆਜ਼ਾਦੀ, ਪੂਜਾ ਦੀ ਆਜ਼ਾਦੀ ਦੇਣਾ ਵਿਧਾਨ ਦਾ ਫਰਜ਼ ਹੈ। ਹਰ ਨਾਗਰਿਕ ਨੂੰ ਰੁਤਬੇ ਮੁਰਾਤਬੇ ਦੀ ਬਰਾਬਰੀ, ਵਿਕਾਸ ਦੇ ਮੌਕਿਆਂ ਦੀ ਬਰਾਬਰੀ ਦਿੱਤੀ ਜਾਵੇਗੀ। ਅਸੀਂ 26 ਜਨਵਰੀ 1950 ਨੂੰ ਲਾਗੂ ਹੋਏ ਸੰਵਿਧਾਨ ਵਿੱਚ ਆਪਣੀ ਨਿੱਜੀ ਪਸੰਦਾਂ, ਨਾ ਪਸੰਦਾਂ ਤਿਆਗਦੇ ਹੋਏ, ਸਭਨਾਂ ਲਈ ਪ੍ਰਵਾਨ ਕੀਤਾ।ਹਰ ਦੇਸ਼ ਦੀ ਆਜ਼ਾਦ ਹਸਤੀ ਆਪਣੇ ਵਿਧਾਨ, ਆਪਣੇ ਨਿਸ਼ਾਨ ਅਤੇ ਆਪਣੇ ਨਿਸ਼ਚਿਤ ਸਥਾਨ ਨਾਲ ਹੀ ਪ੍ਰਵਾਨ ਹੁੰਦੀ ਹੈ। ਸਾਡਾ ਸੰਵਿਧਾਨ ਸਾਡਾ ਵਿਧਾਨ ਹੈ। ਤਿਰੰਗਾ ਝੰਡਾ ਸਾਡਾ ਕੌਮੀ ਨਿਸ਼ਾਨ ਹੈ ਅਤੇ ਭਾਰਤ ਦਾ ਭੂਗੋਲਕ-ਖਿੱਤਾ ਸਾਡਾ ਸਥਾਨ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਬਹੁਮੱਤ ਨਾਲੋਂ ਸਹਿਮਤੀ ਜਾਂ ਸਰਬਸੰਮਤੀ ਦੀ ਸ਼ਕਤੀ ਵਧੇਰੇ ਹੁੰਦੀ ਹੈ ਅਤੇ ਜਿਹੜਾ ਵਿਧਾਨ ਸਭਨਾਂ ‘ਤੇ ਲਾਗੂ ਹੋਣਾ ਹੈ, ਉਸ ਦੇ ਫੈਸਲੇ ਸਹਿਮਤੀ ਨਾਲ ਲਏ ਜਾਣੇ ਲਾਜ਼ਮੀ ਹਨ। ਗਣਤੰਤਰ ਦਾ ਰੁਤਬਾ ਭਾਰਤ ਦੇਸ਼ ਨੂੰ ਐਵੇਂ ਨਹੀਂ ਮਿਲ ਗਿਆ। ਦੇਸ਼ ਦੀ ਆਜ਼ਾਦੀ ਦਾ ਸੂਰਜ ਵੇਖਣ ਲਈ ਜਿੱਥੇ ਫਾਂਸੀ ਚੜ੍ਹੇ ਸ਼ਹੀਦ ਸੂਰਮਿਆਂ ਨੂੰ ਅੱਜ ਚੇਤੇ ਕਰਨ ਦੀ ਲੋੜ ਹੈ, ਉੱਥੇ ਕੈਦਾਂ, ਉਮਰ ਕੈਦਾਂ ਅਤੇ ਕਾਲੇ ਪਾਣੀ ਦੀ ਸਜਾ ਕੱਟਣ ਵਾਲੇ ਯੋਧੇ ਵੀ ਘੱਟ ਸਤਿਕਾਰ ਦੇ ਹੱਕਦਾਰ ਨਹੀਂ। ਸਾਡੇ ਲਈ ਸਾਰੇ ਦੇਸ਼ ਭਗਤ ਹੀ ਸਤਿਕਾਰ ਦੇ ਪਾਤਰ ਹਨ। ਪੰਜਾਬ ਦੇ ਹਰ ਜਿਲ੍ਹੇ ਦੇ ਲੋਕਾਂ ਨੇ ਕੁਰਬਾਨੀਆਂ ਕਰਕੇ ਆਜ਼ਾਦ ਮੁਲਕ ਵਿੱਚ ਆਪਣਾ ਵਿਧਾਨ ਖੁਦ ਲਿਖ ਕੇ ਲਾਗੂ ਕਰਨ ਦਾ ਮਾਹੌਲ ਉਸਾਰਿਆ। ਭਾਰਤ ਸਾਡਾ ਦੇਸ਼ ਹੈ। ਇਸ ਦੀ ਵੰਨ ਸੁਵੰਨਤਾ ਸਾਡੀ ਸ਼ਕਤੀ ਹੈ। ਇਹ ਸ਼ਕਤੀ ਖੇਰੂੰ-ਖੇਰੂੰ ਕਰਨ ਵਾਲੀਆਂ ਧਿਰਾਂ ਬਹੁਤ ਸਰਗਰਮ ਹਨ ਕਿ ਪੁਣਛਾਣ ਕਰਕੇ ਆਪਣੀ ਮਰਜ਼ੀ ਦੇ ਫੁੱਲਾਂ ਨੂੰ ਹੀ ਖਿੜਨ ਦਾ ਅਧਿਕਾਰ ਮਿਲੇ, ਪਰ ਇਹ ਗੱਲ ਸੰਵਿਧਾਨ ਦੀ ਭਾਵਨਾ ਦੇ ਅਨੁਕੂਲ ਨਹੀਂ ਹੈ। ਭਾਰਤ ਭੂਸ਼ਨ ਆਸ਼ੂ ਨੇ ਗਣਤੰਤਰ ਦਿਵਸ ਸਬੰਧੀ ਸਮੂਹ ਸੈਨਾਵਾਂ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੀਆਂ ਪੁਲਿਸ ਫੋਰਸਿਜ਼ ਦੇ ਅਫਸਰਾਂ, ਜਵਾਨਾਂ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਕੀਤੇ ਬਲਿਦਾਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਸੁਰੱਖਿਅਤ ਕੀਤਾ।ਆਜ਼ਾਦੀ ਉਪਰੰਤ ਬਹਾਦਰ ਪੰਜਾਬੀਆਂ ਨੇ ਜਿੱਥੇ ਦੇਸ਼ ਦੀਆਂ ਸੈਨਾਵਾਂ ਵਿੱਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਂਦਿਆਂ 1948, 1962, 1965, 1971 ਤੇ ਕਾਰਗਿਲ ਦੀ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ, ਉੱਥੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਅਥਾਹ ਯੋਗਦਾਨ ਪਾ ਕੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ।ਉਨ੍ਹਾਂ ਨੇ ਸਮੁੱਚੇ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਸੂਬੇ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਤੇ ਫਿਰਕੂ ਸਦਭਾਵਨਾ ਦੀ ਮਿਸਾਲ ਪੈਦਾ ਕਰਦਿਆਂ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ। ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮਾਰਚ ਪਾਸਟ ਵਿੱਚ ਪੰਜਾਬ ਪੁਲੀਸ ਦੇ ਜਵਾਨਾਂ, ਮਹਿਲਾ ਪੰਜਾਬ ਪੁਲੀਸ, ਪੰਜਾਬ ਹੋਮ ਗਾਰਡਜ਼ ਅਤੇ ਸਕੂਲਾਂ ਤੇ ਕਾਲਜਾਂ ਦੇ ਐਨ ਸੀ ਸੀ ਕੈਡਿਟਸ ਦੀਆਂ ਟੁਕੜੀਆਂ ਨੇ ਹਿੱਸਾ ਲਿਆ। ਇਸ ਮੌਕੇ ਕੋਰੋਨਾ ਖਿਲਾਫ ਜੰਗ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਕੋਰੋਨਾ ਖਿਲਾਫ ਜੰਗ ਵਿੱਚ ਯੋਗਦਾਨ ਲਈ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਨੂੰ ਵੀ ਸਮੁੱਚੇ ਰੂਪ ਵਿੱਚ ਸਨਮਾਨਿਆ ਗਿਆ। ਇਸ ਤੋਂ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਝਾਂਕੀਆਂ ਵੀ ਕੱਢੀਆਂ ਗਈਆਂ। ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਸ.ਰਣਦੀਪ ਸਿੰਘ ਨਾਭਾ, ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਨਿਰਭਾਓ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੋਰ ਗਿੱਲ, ਜ਼ਿਲ੍ਹਾ ਪੁਿਲਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੁਪ੍ਰਿਤਾ ਜੌਹਲ,ਐਸ ਪੀ ਹਰਪਾਲ ਸਿੰਘ, ਐਸ ਪੀ ਨਵਰੀਤ ਸਿੰਘ ਵਿਰਕ, ਐਸ ਡੀ ਐਮ ਡਾ ਸੰਜੀਵ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com