- 42 ਥਾਵਾਂ ‘ਤੇ ਹੁਣ ਤੱਕ 7248 ਵਿਅਕਤੀਆਂ ਨੂੰ ਲੱਗਾ ਟੀਕਾ
- ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ‘ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ
ਲੁਧਿਆਣਾ, (ਸੰਜੇ ਮਿੰਕਾ) – ਸਿਵਲ ਸਰਜਨ ਲੁਧਿਆਣਾ ਡਾ.ਸੁਖਜੀਵਨ ਕੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਸੂਬੇ ਵਿੱਚੋਂ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਤੱਕ ਸਭ ਤੋਂ ਵੱਧ ਕੋਵਿਡ ਵੈਕਸੀਨੇਸ਼ਨ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿੱਚ 42 ਥਾਵਾਂ ‘ਤੇ ਇੰਜੈਕਸ਼ਨ ਲਾਏ ਜਾ ਰਹੇ ਹਨ ਅਤੇ ਹੁਣ ਤੱਕ ਕੁੱਲ 7248 ਵਿਅਕਤੀਆਂ ਨੂੰ ਇੰਜੈਕਸ਼ਨ ਲਾਇਆ ਗਿਆ ਹੈ। ਪਹਿਲੇ ਪੜਾਅ ਵਿਚ ਸਿਰਫ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਦੇ ਸਟਾਫ ਨੂੰ ਇੰਜੈਕਸ਼ਨ ਲਾਇਆ ਜਾ ਰਿਹਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇੰਜੈਕਸ਼ਨ ਲਾਉਣ ਦਾ ਕੰਮ ਮਾਹਰ ਡਾਕਟਰਾਂ ਦੀ ਦੇਖਰੇਖ ਹੇਠ ਕੀਤਾ ਜਾ ਰਿਹਾ ਹੈ ਅਤੇ ਇੰਜੈਕਸ਼ਨ ਲਗਵਾਉਣ ਮਗਰੋਂ ਵਿਅਕਤੀ ਨੂੰ 30 ਮਿੰਟ ਤੱਕ ਟੀਕਾਕਰਣ ਸਥਾਨ ‘ਤੇ ਹੀ ਡਾਕਟਰਾਂ ਦੀ ਦੇਖਰੇਖ ਹੇਠ ਬਿਠਾਇਆ ਜਾਂਦਾ ਹੈ। ਸਿਵਲ ਸਰਜਨ ਡਾ.ਸੁਖਜੀਵਨ ਕੱਕੜ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਕਿਰਨ ਆਹਲੂਵਾੀਆ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ‘ਕੋਰੋਨਾ ਵਾਇਰਸ’ ਮਹਾਂਮਾਰੀ ਤੋਂ ਬਚਾਅ ਲਈ ਕੋਵੀਸ਼ੀਲਡ ਇੰਜੈਕਸ਼ਨ ਲਗਾਉਣ ਦੇ ਕੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਵੀ ਵਿਅਕਤੀ ਅੰਦਰ ਇਸ ਦਵਾਈ ਦਾ ਮਾੜਾ ਅਸਰ ਵਿਖਾਈ ਨਹੀਂ ਦਿੱਤਾ। ਸਿਵਲ ਸਰਜਨ ਨੇ ਕਿਹਾ ਇਹ ਦਵਾਈ ਬੇਹੱਦ ਸੁਰੱਖਿਅਤ ਹੈ ਅਤੇ ਹਾਲੇ ਤੱਕ ਕਿਸੇ ਵੀ ਵਿਅਕਤੀ ਅੰਦਰ ਇਸ ਦਵਾਈ ਦਾ ਮਾੜਾ ਅਸਰ ਦਿਖਾਈ ਨਹੀਂ ਦਿੱਤਾ। ਡਾ. ਕੱਕੜ ਨੇੇ ਦੱਸਿਆ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਟੀਕਾ ਲਗਵਾਉਣ ਲਈ ਪੂਰੇ ਉਤਸ਼ਾਹ ਨਾਲ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।