
- ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਵੀ ਦਿੱਤਾ ਭਰੋਸਾ
ਲੁਧਿਆਣਾ, (ਸੰਜੇ ਮਿੰਕਾ)-ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਸੀਸੂ ਕੰਪਲੈਕਸ, ਫੋਕਲ ਪੁਆਇੰਟ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨ ਉੱਦਮੀਆਂ ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਦੇ ਨਾਲ ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਟਿੱਕਾ, ਸੀਸੂ ਦੇ ਪ੍ਰਧਾਨ ਸ. ਉਪਕਾਰ ਸਿੰਘ ਆਹੂਜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਲੁਧਿਆਣਾ ਉਦਯੋਗ ਹਮੇਸ਼ਾਂ ਸੂਬੇ ਦੇ ਨੌਜਵਾਨਾਂ ਦੇ ਸਹਿਯੋਗ ਲਈ ਤੱਤਪਰ ਹੈ ਕਿਉਂਕਿ ਉਦਯੋਗਿਕ ਘਰਾਣਿਆਂ ਵਿੱਚ ਹੀਰੋ ਇਕੋਟੈਕ, ਏਵਨ ਸਾਈਕਲ, ਕੰਗਾਰੂ ਇੰਡਸਟਰੀਜ਼, ਹਾਈਵੇ ਇੰਡਸਟਰੀਜ਼, ਕੇ.ਜੇ. ਫੌਰਜਿੰਗ ਆਦਿ ਸਰਗਰਮੀ ਨਾਲ ‘ਯੂਥ ਆਫ ਪੰਜਾਬ’ ਮੁਹਿੰਮ ਦੇ ਸਬੰਧ ਵਿੱਚ ਪੰਜਾਬ ਯੂਥ ਵਿਕਾਸ ਬੋਰਡ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਲੁਧਿਆਣਾ ਉਦਯੋਗਾਂ ਦੇ ਸਹਿਯੋਗ ਨਾਲ 2500 ਸਪੋਰਟਸ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਕਿੱਟਾਂ ਵਿੱਚ ਕ੍ਰਿਕਟ, ਵਾਲੀਬਾਲ ਅਤੇ ਫੁੱਟਬਾਲ ਕਿੱਟਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਖੇਡ ਕਿੱਟ ਨੂੰ ਹਰ ਖੇਤਰ ਵਿਚ 70-80 ਨੌਜਵਾਨ ਇਸਤੇਮਾਲ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਵਿਚ ਟੀਮ ਦੀਆਂ ਖੇਡ ਕਿੱਟਾਂ ਵੀ ਸ਼ਾਮਲ ਹਨ। ਉਨ੍ਹਾਂ ਸੂਬੇ ਦੇ ਯੂਥ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ, ਕਿਉਂਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਸਨੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਉਦਯੋਗਪਤੀਆਂ ਵੱਲੋਂ ਵੀ ਸ੍ਰੀ ਬਿੰਦਰਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੇ ਨੌਜਵਾਨਾਂ ਦੇ ਵਿਕਾਸ ਲਈ ਉਨ੍ਹਾਂ ਨੂੰ ਭਰਪੂਰ ਸਹਿਯੋਗ ਦੇਣਗੇ। ਇਸ ਮੌਕੇ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸੀਸੂ ਹੁਨਰ ਵਿਕਾਸ ਕੇਂਦਰ ਤੋਂ ਆਪਣੇ ਕੋਰਸ ਪੂਰੇ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ। ਇਹ ਸਮਾਗਮ ਸੀਸੂ ਵੱਲੋਂ ਆਯੋਜਿਤ ਕੀਤਾ ਗਿਆ।