Friday, June 27

ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਉਸਾਰੀ ਲਈ ਕੀਤਾ ਭੂਮੀ ਪੂਜਨ

  • ਗਲਾਡਾ ਦੀ 3 ਏਕੜ ਜ਼ਮੀਨ ਵਿੱਚ ਬਣੇਗਾ ਇਹ ਸਮਾਰਟ ਸਕੂਲ
  • 200 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ ‘ਚ ਵਾਰਡ ਨੰਬਰ 5, 6, 13, 14, 15, 17 ਅਤੇ 18 ਵਿੱਚ ਵੀ ਬਣਾਏ ਜਾਣਗੇ ਸਮਾਰਟ ਸਕੂਲ

ਲੁਧਿਆਣਾ, (ਸੰਜੇ ਮਿੰਕਾ,ਅਰੁਣ ਜੈਨ ) – ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ਵਿੱਚ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਉਦੇਸ਼ ਨਾਲ ਅੱਜ ਵਾਰਡ ਨੰਬਰ 18 ਵਿੱਚ ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿੱਲ ਦੇ ਪਿੱਛੇ ਗਲਾਡਾ ਦੀ ਲੱਗਭਗ 3 ਏਕੜ ਜ਼ਮੀਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਉਸਾਰੀ ਲਈ ਭੂਮੀ ਪੂਜਨ ਕਰਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਗਲਾਡਾ ਦੀ ਜ਼ਮੀਨ ‘ਤੇ 13 ਕਰੋੜ ਰੁਪਏ ਖਰਚ ਕਰਕੇ ਬੱਚਿਆਂ ਲਈ ਸਰਕਾਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਕੂਲ ਨੂੰ ਗਲਾਡਾ ਦੀ ਜ਼ਮੀਨ ਅਤੇ ਗਲਾਡਾ ਵੱਲੋਂ ਹੀ ਬਨਾਉਣ ਦੀ ਪ੍ਰਵਾਨਗੀ ਦੇਣ ਲਈ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਸ.ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਪ੍ਰਸ਼ਾਸ਼ਕ ਸ.ਪ੍ਰਮਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਇਸ ਸਕੂਲ ਦੀ ਸੁਰੂਆਤ ਭੂਮੀ ਪੁੂਜਨ ਕਰਕੇ ਅਤੇ ਨੀਂਹ ਪੱਥਰ ਰੱਖ ਕੇ ਕਰਵਾਈ ਗਈ। ਨੀਂਹ ਪੱਥਰ ਰੱਖਣ ਦੀ ਰਸਮ ਪੰਡਿਤ ਅਜੀਤ ਕ੍ਰਿਸ਼ਨ, ਭਾਈ ਪ੍ਰੀਤਮ ਸਿੰਘ ਖਾਲਸਾ, ਮੋਲਵੀ ਕਾਰੀ ਮੁਹੰਮਦ ਅਰਸ਼ਦ, ਫਾਦਰ ਲਿਟੋ ਅਤੇ ਸਕੂਲ ਦੇ ਬੱਚਿਆਂ ਵੱਲੋ ਕਰਵਾਈ ਗਈ ਅਤੇ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਧਰਮਾਂ ਨਾਲ ਸਬੰਧਤ ਸਰਬ ਧਰਮ ਪ੍ਰਾਥਨਾ ਕੀਤੀ ਗਈ। ਸ੍ਰੀ ਤਲਵਾੜ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਚੰਗੀ ਪੜ੍ਹਾਈ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੂਲ ਪੰਜਾਬ ਦਾ ਪਹਿਲਾ ਸਰਕਾਰੀ ਸਮਾਰਟ ਸਕੂਲ ਹੋਵੇਗਾ, ਜਿਸ ਵਿੱਚ ਬੱਚਿਆਂ ਲਈ ਪਲੇਅ ਗਰਾਂਊਡ, ਸੋਲਰ ਸਿਸਟਮ, ਹਰ ਕਲਾਸ ਰੂਮ ਵਿੱਚ ਪ੍ਰੋਜੈਕਟਰ, ਵਾਈ ਫਾਈ, ਛੋਟੇ ਤੇ ਵੱਡੇ ਬੱਚਿਆਂ ਲਈ ਵੱਖਰੇ ਸਵਿਮਿੰਗ ਪੂਲ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ   ਆਉਂਦੇ 6 ਮਹੀਨਿਆਂ ਵਿੱਚ ਘੱਟੋ-ਘੱਟ 10 ਹੋਰ ਅਜਿਹੇ ਸਕੂਲ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸਕੂਲ ਵਾਰਡ ਨੰਬਰ 5, 6, 13, 14, 15, 17 ਅਤੇ 18 ਵਿੱਚ ਵੀ ਬਣਾਏ ਜਾ ਰਹੇ ਹਨ। ਵਾਰਡ ਨੰਬਰ 13 ਤੇ 15 ਵਿੱਚ ਬਣਨ ਵਾਲੇ ਸਰਕਾਰੀ ਸਮਾਰਟ ਸਕੂਲਾਂ ਦਾ ਕੰਮ 3 ਮਹੀਨੇ ਦੇ ਅੰਦਰ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆਕਿ ਹਲਕਾ ਪੂਰਬੀ ਵਿੱਚ ਉਸਾਰੀ ਅਧੀਨ ਸਰਕਾਰੀ ਕਾਲਜ਼ ਦਾ ਕੰਮ ਵੀ ਵਿਸਾਖੀ ਤੱਕ ਮੁਕੰਮਲ ਹੋ ਜਾਵੇਗਾ, ਤਾਂ ਜੋ ਨਵੇਂ ਸੈਸ਼ਨ ਦੀ ਪੜ੍ਹਾਈ ਬੱਚੇ ਇਸ ਨਵੇਂ ਸਰਕਾਰੀ ਕਾਲਜ਼ ਵਿੱਚ ਕਰ ਸਕਣ।
ਇਸ ਮੌਕੇ ਕੌਸਲਰ ਵਨੀਤ ਭਾਟੀਆ, ਮੁੱਖ ਪ੍ਰਸ਼ਾਸ਼ਕ ਗਲਾਡਾ ਸ.ਪ੍ਰਮਿੰਦਰ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਜਿੰਦਰ ਕੌਰ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਚਰਨਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਪ੍ਰਾਇਮਰੀ) ਸ.ਕੁਲਦੀਪ ਸਿੰਘ, ਆਸ਼ਾ ਰਾਣੀ ਬੀ.ਪੀ.ਈ.ਓ., ਪਿ੍ਰੰੰਸੀਪਲ ਸਹਿਬਾਨ ਵਿੱਚ ਕਿਰਨਜੀਤ ਕੌਰ, ਰਾਜੇਸ਼ ਕੁਮਾਰ, ਜਤਿੰਦਰ ਕੌਰ, ਮੋਹਿੰਦਰ ਕੌਰ, ਸੁਖਧੀਰ ਸਿੰਘ, ਜਸਵਿੰਦਰ ਸਿੰਘ, ਜਨਮਦੀਪ ਕੌਰ, ਜਿੰਦਰਪਾਲ ਕੌਰ, ਸੁਨੰਦਾ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਨਵਜੋਤ ਸਿੰਘ, ਤਰੁਨ ਅਗਰਵਾਲ, ਅਤੇ ਕੰਵਲਜੀਤ ਸਿੰਘ ਬੋਬੀ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com