
ਲੁਧਿਆਣਾ,(ਸੰਜੇ ਮਿੰਕਾ) – ਰਾਸ਼ਟਰੀ ਕ੍ਰਿਸ਼ੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਵੱਲੋਂ ਚੌਥਾ ਸਵੱਛ ਸਾਖਰਤਾ ਕੈਂਪ ਕਕਰਾਲਾ ਕਲਾਂ ਵਿੱਚ ਲਗਾਇਆ ਗਿਆ। ਇਸ ਮੌਕੇ ਸਵੱਛ ਸਾਖਰਤਾ ਅਭਿਆਨ ਦੇ ਸਬੰਧ ਵਿੱਚ ਪੈਂਫਲੇਟ ਆਦਿ ਵੀ ਵੰਡੇ ਗਏ।ਜਲ, ਸਾਫ ਸਫਾਈ ਤੇ ਸਿਹਤ ਆਦਿ ਦੇ ਸੰਬੰਧ ਵਿੱਚ ਸਾਖ਼ਰ ਬਣਾਉਣ ਦੇ ਉਦੇਸ਼ ਨਾਲ ਸਵੱਛ ਸਾਖਰਤਾ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਚੁਕੀ ਹੈ, ਜਿਸਦੇ ਤਹਿਤ ਆਉਣ ਵਾਲੀ 26 ਜਨਵਰੀ ਤੱਕ ਲੁਧਿਆਣਾ ਜ਼ਿਲੇ ਵਿੱਚ ਪੰਜ ਪ੍ਰੋਗਰਾਮ ਕਰਵਾਏ ਜਾਣੇ ਹਨ।ਜ਼ਿਲਾ ਵਿਕਾਸ ਪ੍ਰਬੰਧਕ ਸ੍ਰੀ ਸੰਜੀਵ ਕੁਮਾਰ ਵੱਲੋਂ ਕਕਰਾਲਾ ਕਲਾਂ ਵਿੱਚ ਲੁਧਿਆਣਾ ਦੀ ਪ੍ਰਮੁੱਖ ਗੈਰ-ਸਰਕਾਰੀ ਸੰਸਥਾ ਸਕਿੱਲ ਅਪਗ੍ਰੇਡੇਸ਼ਨ ਟ੍ਰੇਨਿੰਗ ਸਰਵਿਸਜ਼ (ਸੂਟਸ) ਵਲ੍ਹੋ ਜਾਗਰੂਕਤਾ ਪ੍ਰੋਗਰਾਮ ਵਿੱਚ ਪਿੰਡ ਵਾਸੀਆਂ ਤੇ ਸਵੈ-ਸਹਾਈ ਗਰੁਪ ਦੇ ਮੈਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵੱਛ ਭਾਰਤ ਮਿਸ਼ਨ (ਦਿਹਾਤੀ) ਨੇ ਦੂਜੇ ਪੜਾਅ ਵਿੱਚ ਪ੍ਰਵੇਸ਼ ਕਰ ਲਿਆ ਹੈ ਤੇ ਹੁਣ ਇਸ ਮਿਸ਼ਨ ਤਹਿਤ ਪ੍ਰਾਪਤ ਸਫਲਤਾ ਨੂੰ ਬਰਕਰਾਰ ਰੱਖਣਾ ਸਭ ਤੋਂ ਜ਼ਿਆਦਾ ਅਹਿਮ ਹੋ ਗਿਆ ਹੈ।
ਇਸ ਮੌਕੇ ਪਿੰਡ ਵਾਸੀਆਂ ਨੂੰ ਕੋਵਿਡ-19 ਦੇ ਬਚਾਅ ਬਾਰੇ ਵੀ ਦੱਸਿਆ ਗਿਆ, ਜਿਵੇ ਕਿ ਮਾਸਕ ਪਾਉਣਾ, ਦੋ ਗਜ ਦੀ ਦੂਰੀ ਰੱਖਣਾ ਅਤੇ ਸੇਨੇਟਾਈਜ਼ਰ ਦੀ ਵਰਤੋਂ ਕਰਨਾ ਆਦਿ। ਇਸ ਪਿੰਡ ਦੇ ਸਰਪੰਚ ਦਲਜੀਤ ਸਿੰਘ ਤੇ ਸੂਟਸ ਦੇ ਪ੍ਰਮੁੱਖ ਕਾਰਜਕਾਰੀ ਅਫਸਰ ਤੇ ਪ੍ਰਿੰਸੀਪਲ ਐਚ.ਐੱਸ. ਭਾਟੀਆ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸੰਸਥਾ ਵਲੋਂ ਨਿਯੁਕਤ ਵਲੰਟੀਅਰ ਲੱਖਦੀਪ ਸਿੰਘ, ਅਮਨਦੀਪ ਬੇਲਾ ਅਤੇ ਅਮਨਪ੍ਰੀਤ ਕੌਰ ਵੱਲੋਂ ਵੀ ਵਿਸ਼ੇਸ਼ ਭੂਮਿਕਾ ਨਿਭਾਈ ਗਈ।