
ਲੁਧਿਆਣਾ,(ਸੰਜੇ ਮਿੰਕਾ) – ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ, ਜੋਕਿ ਸਾਹਨੇਵਾਲ ਦੀ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਵੀ ਹਨ, ਵੱਲੋਂ ਅੱਜ ਸਥਾਨਕ ਬਚਤ ਭਵਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵੱਖ-ਵੱਖ ਏਜੰਡਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਏਅਰਪੋਰਟ ਡਾਇਰੈਕਟਰ ਸ੍ਰੀ ਐਸ.ਕੇ ਸਰ੍ਹਾਂ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਸਿੰਘ ਬੈਂਸ ਅਤੇ ਕਾਂਗਰਸ ਆਗੂ ਕਾਮਿਲ ਸਿੰਘ ਬੋਪਾਰਾਏ ਵੀ ਮੌਜੂਦ ਸਨ। ਮੀਟਿੰਗ ਦੌਰਾਨ ਵੱਖ-ਵੱਖ ਏਜੰਡਾ ਬਿੰਦੂਆਂ ਸਮੇਤ ਹਵਾਈ ਅੱਡੇ ਦੀ ਪਹੁੰਚ ਮਾਰਗ ਵਾਲੀ ਸੜਕ ਦੇ ਨਾਲ-ਨਾਲ ਪੈਦਲ ਚੱਲਣ ਲਈ ਫੁੱਟਪਾਥ, ਏਅਰਪੋਰਟ ਪਹੁੰਚ ਮਾਰਗ ‘ਤੇ ਭਾਰੀ ਟਰੱਕ ਲਈ ਪਾਰਕਿੰਗ, ਲੰਬੇ ਰੁੱਖਾਂ ਦੀ ਕਟਾਈ, ਕੂੜਾ ਪ੍ਰਬੰਧਨ, ਜੀ.ਟੀ. ਰੋਡ ‘ਤੇ ਏਅਰਪੋਰਟ ਲੋਕੇਸ਼ਨ ਲਈ ਸਾਈਨ ਬੋਰਡ, ਹਵਾਈ ਅੱਡੇ ਦੀ ਪਹੁੰਚ ਮਾਰਗ ਸੜਕ ਆਦਿ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਮੁੱਦਿਆਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਵੀ ਕਿਹਾ। ਉਨ੍ਹਾਂ ਸਾਹਨੇਵਾਲ ਹਵਾਈ ਅੱਡੇ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਏਅਰਪੋਰਟ ਅਧਿਕਾਰੀਆਂ ਨੂੰ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਅਮਰ ਸਿੰਘ ਨੇ ਇਹ ਵੀ ਦੱਸਿਆ ਕਿ ਨਵੇਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹੁੰਚ ਮਾਰਗ ਅਤੇ ਚਾਰ-ਦਿਵਾਰੀ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਨਵਾਂ ਹਵਾਈ ਅੱਡਾ ਜਲਦ ਹੀ ਸ਼ੁਰੂ ਹੋਣ ਦੀ ਊਮੀਦ ਹੈ।