Saturday, May 10

ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ

ਲੁਧਿਆਣਾ, (ਸੰਜੇ ਮਿੰਕਾ,ਅਰੁਣ ਜੈਨ)-ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ੍ਹਾਂ ਪਾਬੰਦੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਅੰਦਰ ਬੁਲਟ ਮੋਟਰਸਾਈਕਲ ਦੇ ਸਾਈਲੈਂਸਰ ਬਦਲ ਕੇ ਪਟਾਕੇ ਮਾਰਨ ਵਾਲੇ ਚਾਲਕਾਂ ਅਤੇ ਸਾਈਲੈਂਸਰ ਬਦਲਣ/ਵੇਚਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਵੱਖ-ਵੱਖ ਨਹਿਰਾਂ, ਨਹਾਉਣ ਵਾਲੇ ਅਣ-ਅਧਿਕਾਰਤ ਤਲਾਬ ਅਤੇ ਹੋਰ ਟੋਭਿਆਂ ਵਿੱਚ ਛੋਟੀ ਉਮਰ ਦੇ ਬੱਚੇ ਅਤੇ ਆਮ ਵਿਅਕਤੀ ਨਹਾਉਂਦੇ ਹਨ ਜਦੋਂ ਕਿ ਉਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਹੁੰਦਾ ਅਤੇ ਇਸ ਤੋਂ ਇਲਾਵਾ ਨਹਿਰਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅਜਿਹੇ ਬੱਚੇ/ਆਦਮੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਜਾਂਦੇ ਹਨ ਜਿਸ ਨਾਲ ਵੱਡਮੁੱਲੀਆਂ ਜਾਨਾਂ ਵਿਅਰਥ ਚਲੀਆਂ ਜਾਂਦੀਆਂ ਹਨ, ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪਬਲਿਕ ਹਿੱਤ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਆਉਂਦੀਆਂ ਨਹਿਰਾਂ, ਟੋਭੇ ਅਤੇ ਅਣ-ਅਧਿਕਾਰਤ ਤਲਾਬ ਆਦਿ ਵਿੱਚ ਛੋਟੀ ਉਮਰ ਦੇ ਬੱਚੇ ਅਤੇ ਕਿਸੇ ਵੀ ਵਿਅਕਤੀ ਵੱਲੋਂ ਨਹਾਉਣ ‘ਤੇ ਤੁਰੰਤ ਪਾਬੰਦੀ ਲਗਾਈ ਹੈ।
ਉਨ੍ਹਾਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਅਤੇ ਅਜਿਹੇ ਹੋਰ ਉੱਚੀ ਆਵਾਜ਼ ਵਿੱਚ ਚੱਲਣ ਵਾਲੀਆਂ ਆਈਟਮਾਂ ‘ਤੇ ਰੋਕ ਲਗਾਈ ਗਈ ਹੈ ਅਤੇ ਨੋਇਸ ਪਲਿਊਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾਂ, ਮਾਨਯੋਗ ਅਦਾਲਤਾਂ ਦੇ 100 ਮੀਟਰ ਦੇ ਏਰੀਆ ਨੂੰ ਸਾਇਲੈਸ ਜ਼ੋ਼ਨ ਘੋਸ਼ਿਤ ਕੀਤਾ ਗਿਆ ਹੈ। ਇਹ ਸਾਰੇ ਪਾਬੰਦੀ ਹੁਕਮ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।

About Author

Leave A Reply

WP2Social Auto Publish Powered By : XYZScripts.com