
ਲੁਧਿਆਣਾ, (ਸੰਜੇ ਮਿੰਕਾ)- ਵਿਧਾਇਕ ਲੁਧਿਆਣਾ (ਪੂਰਬੀ) ਸ੍ਰੀ ਸੰਜੇ ਤਲਵਾੜ ਅਤੇ ਵਧੀਕ ਡਿਪਟੀ ਕਮਿਸ਼ਨਰ(ਜਗਰਾਉਂ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵੱਲੋਂ ਟ੍ਰੈਫਿਕ ਦੇ ਮਸਲੇ ਨੂੰ ਹੱਲ ਕਰਨ ਲਈ ਅੱਜ ਸਥਾਨਕ ਸਮਰਾਲਾ ਚੌਕ ਜੰਕਸ਼ਨ ਵਿਖੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਕੀਤੇ। ਇਸ ਮੌਕੇ ਸਕੱਤਰ ਖੇਤਰੀ ਟ੍ਰਾਂਸਪੋਰਟ ਅਥਾਰਟੀ (ਆਰ.ਟੀ.ਏ.) ਸ੍ਰੀ ਸੰਦੀਪ ਸਿੰਘ ਗੜ੍ਹਾ, ਏਸੀਪੀ ਟ੍ਰੈਫਿਕ ਸ.ਗੁਰਦੇਵ ਸਿੰਘ, ਐਕਸੀਅਨ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਸ੍ਰੀ ਰਮਨ ਕੌਸ਼ਲ, ਪ੍ਰੋਜੈਕਟ ਡਾਇਰੈਕਟਰ ਐਨ.ਐਚ.ਏ.ਆਈ. ਸ.ਵਰਿੰਦਰ ਸਿੰਘ (ਅੰਬਾਲਾ), ਸ੍ਰੀ ਪਰਸ਼ਾਂਤ ਦੂਬੇ (ਲੁਧਿਆਣਾ), ਪ੍ਰਦੀਪ ਅਤਰੀ (ਚੰਡੀਗੜ੍ਹ) ਅਤੇ ਸਲਾਹਕਾਰ ਮੈਂਬਰ ਸੜਕ ਸੁਰੱਖਿਆ ਕਮੇਟੀ ਸ੍ਰੀ ਰਾਹੁਲ ਵਰਮਾ ਵੀ ਮੌਜੂਦ ਸਨ। ਸਮਰਾਲਾ ਚੌਂਕ ਇਕ ਵੱਡਾ ਜੰਕਸ਼ਨ ਹੋਣ ਕਰਕੇ ਟ੍ਰੈਫਿਕ ਜਾਮ ਦਾ ਮੁੱਖ ਮੁੱਦਾ ਬਣਿਆ ਹੋਇਆ ਹੈ ਜਿੱਥੇ ਜਲੰਧਰ-ਚੰਡੀਗੜ੍ਹ ਲੁਧਿਆਣਾ ਬਾਈਪਾਸ, ਜਲੰਧਰ ਦਿੱਲੀ ਲੁਧਿਆਣਾ ਬਾਈਪਾਸ ਤੋਂ ਇਲਾਵਾ ਸ਼ਹਿਰ ਤੋਂ ਹਾਈਵੇਅ ‘ਤੇ ਚੜ੍ਹਨ ਅਤੇ ਉਤਰਨ ਲਈ ਰਸਤਾ ਮਿਲਦਾ ਹੈ। ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਸੜ੍ਹਕ ਨੂੰ ਚੌੜਾ ਕਰਨ ਲਈ ਜ਼ਮੀਨ ਲੈਣ, ਬਾਈਪਾਸ ਰੋਡ ਤੋਂ ਅੰਦਰ ਜਾਣ ਤੇ ਬਾਹਰ ਨਿਕਲਣ ਅਤੇ ਸਰਵਿਸ ਲੇਨਾਂ ਨੂੰ ਚੌੜਾ ਕਰਨ ਸਮੇਤ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ। ਵਿਧਾਇਕ ਸੰਜੇ ਤਲਵਾੜ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਟ੍ਰਾਂਸਪੋਰਟ ਨਗਰ ਤੋਂ ਸਿੱਧਾ ਬਾਈਪਾਸ ਬ੍ਰਿਜ ਤੱਕ ਜਾਣ ਦਾ ਹੱਲ ਲੱਭਣ, ਤਾਂ ਜੋ ਭਾਰੀ ਵਾਹਨਾਂ ਨੂੰ ਸ਼ਹਿਰ ਵਿੱਚ ਦਾਖਲ ਨਾ ਹੋਣਾ ਪਏ ਜਿਸ ਕਾਰਨ ਟ੍ਰੈਫਿਕ ਜਾਮ ਲੱਗਦਾ ਹੈ। ਉਨ੍ਹਾਂ ਟਰਾਂਸਪੋਰਟ ਨਗਰ ਤੋਂ ਸ਼ਹਿਰ ਨੂੰ ਜਾਣ ਵਾਲੀ ਲਿੰਕ ਸੜਕ ਲਈ ਸਲਿੱਪਵੇ ਰੋਡ ਦੇਣ ਲਈ ਸੰਭਾਵਿਤ ਜਗ੍ਹਾ ਦੀ ਭਾਲ ਕਰਨ ਲਈ ਵੀ ਕਿਹਾ।