Friday, May 9

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸਿੱਧਵਾਂ ਨਹਿਰ ਦੇ ਪੁਲ ਦੀ ਚੌੜਾਈ ਦੇ ਕੰਮ ਦੀ ਸ਼ੁਰੂਆਤ ਦਾ ਕੀਤਾ ਉਦਘਾਟਨ

  • ਪੁਲ ਦੀ ਚੌੜਾਈ 4 ਮੀਟਰ ਤੋਂ 9 ਮੀਟਰ ਕੀਤੀ ਜਾਵੇਗੀ, ਕੰਮ ਫਰਵਰੀ 2021 ਤੱਕ ਹੋ ਜਾਵੇਗਾ ਮੁਕੰਮਲ – ਭਾਰਤ ਭੂਸ਼ਣ ਆਸ਼ੂ

ਲੁਧਿਆਣਾ, (ਸੰਜੇ ਮਿੰਕਾ,ਵਿਸ਼ਾਲ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਵਸਨੀਕਾਂ ਦੀ ਭਲਾਈ ਲਈ ਅੱਜ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ‘ਤੇ  ਪੁਲ ਦੀ ਚੌੜਾਈ ਨਾਲ ਸਬੰਧਤ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਇਹ ਚਿਰੋਕਣੀ ਮੰਗ ਰਹੀ ਹੈ ਕਿਉਂਕਿ ਵਾਹਨਾਂ ਦੀ ਆਵਾਜਾਈ ਵਿੱਚ ਵਾਧਾ ਹੋਣ ਦੇ ਕਾਰਨ, ਇਸ ਪੁਲ ‘ਤੇ ਟ੍ਰੈਫਿਕ ਜਾਮ ਲੱਗਾ ਰਹਿੰਦਾ ਸੀ।
ਇਸ ਮੌਕੇ ਉਨ੍ਹਾਂ ਨਾਲ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸ੍ਰੀ ਹਰੀ ਸਿੰਘ ਬਰਾੜ, ਸ੍ਰੀਮਤੀ ਅਮ੍ਰਿਤ ਵਰਸ਼ਾ ਰਾਮਪਾਲ, ਨਗਰ ਨਿਗਮ ਕਮਿਸ਼ਨਰ-ਕਮ-ਸੀਈਓ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਸੀਨੀਅਰ ਕਾਂਗਰਸੀ ਆਗੂ ਸ੍ਰੀ ਸੁਨੀਲ ਕਪੂਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ (ਐਮ.ਸੀ. ਜ਼ੋਨ ਡੀ ਦਫਤਰ ਨੇੜੇ) ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ਦੇ ਪੁਲ ਨੂੰ 1.40 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੁਆਰਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਇਸ ਨੂੰ ਪੰਜਾਬ ਸਿੰਚਾਈ ਵਿਭਾਗ ਦੁਆਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਨੁਮਾਨਤ ਫਰਵਰੀ, 2021 ਤੱਕ ਪੂਰਾ ਹੋ ਜਾਵੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਿੱਧਵਾਂ ਨਹਿਰ ਦਾ ਮੌਜੂਦਾ ਪੁਲ ਜੋਕਿ 4 ਮੀਟਰ ਹੈ ਨੂੰ 9 ਮੀਟਰ ਚੌੜਾ ਕੀਤਾ ਜਾਵੇਗਾ ਅਤੇ ਇਲਾਕਾ ਨਿਵਾਸੀਆਂ ਨੂੰ ਇਸਦਾ ਵੱਡਾ ਲਾਭ ਮਿਲੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਾਸੇ ਵੱਲ ਆਉਂਦੇ ਸਮੇਂ ਬਦਲਵੇਂ ਰਸਤੇ ਅਪਣਾਉਣ ਕਿਉਂਕਿ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਟ੍ਰੈਫਿਕ ਨੂੰ ਨਾਲ ਦੇ ਪੁਲ ਤੋਂ ਮੋੜਿਆ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲ ਨੂੰ ਚੌੜਾ ਕਰਨ ਦਾ ਕੰਮ ਫਰਵਰੀ 2021 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਅਤੇ ਰੇਲ ਓਵਰ ਬ੍ਰਿਜ (ਆਰ.ਓ.ਬੀ.) ਪ੍ਰਾਜੈਕਟ ਦੀ ਚੱਲ ਰਹੀ ਉਸਾਰੀ ਦੇ ਮੱਦੇਨਜ਼ਰ ਪੱਖੋਵਾਲ ਰੋਡ (ਸਿੱਧਵਾਂ ਨਹਿਰ ਦੇ ਪੁਲ ਤੋਂ ਹੀਰੋ ਬੇਕਰੀ ਚੌਕ ਤੱਕ) ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਲੁਧਿਆਣਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਦਲਵੇਂ ਰਸਤੇ ਅਪਨਾਉਣ ਕਿਉਂਕਿ ਪਖੋਵਾਲ ਰੋਡ ਦਾ ਇਹ ਹਿੱਸਾ ਵਾਹਨਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਪ੍ਰਾਜੈਕਟ ਮੁਕੰਮਲ ਹੋ ਜਾਣ ‘ਤੇ ਵਸਨੀਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਣਗੇ।

About Author

Leave A Reply

WP2Social Auto Publish Powered By : XYZScripts.com