Friday, May 9

ਪੰਜਾਬ ਸਰਕਾਰ ਦੇ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੀ ਨਵੀਂ ਪੁਸਤਕ ‘ਨੁਕਤਾ-ਏ-ਨਿਗਾਹ’ ਰਿਲੀਜ਼ ਕੀਤੀ

ਲੁਧਿਆਣਾ, (ਸੰਜੇ ਮਿੰਕਾ,ਵਿਸ਼ਾਲ)-ਸ਼੍ਰੀ ਰਾਹੁਲ ਭੰਡਾਰੀ, ਆਈ. ਏ. ਐਸ, ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ, ਪੰਜਾਬ ਸਰਕਾਰ ਦੇ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੀ ਨਵੀਂ ਪੁਸਤਕ ‘ਨੁਕਤਾ-ਏ-ਨਿਗਾਹ’ ਰਿਲੀਜ਼ ਕੀਤੀ ਗਈ। ਇਸ ਮੌਕੇ ਉਪਰ ਸ਼੍ਰੀ ਰਾਹੁਲ ਭੰਡਾਰੀ ਨੇ ਕਿਹਾ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਇਹ ਪੁਸਤਕ ਨੌਜਵਾਨ ਪੀੜੀ ਨੂੰ ਜੀਵਨ ਵਿੱਚ ਸਾਕਾਰਾਤਾਮਕ ਸੋਚ ਨੂੰ ਅਪਣਾਉਣ, ਉਜਵਲ ਭਵਿੱਖ ਲਈ ਸੁਪਨੇ ਸਿਰਜਣ ਤੇ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਸਾਰੂ ਸੋਚ ਰੱਖਦੇ ਹੋਏ ਨਾਕਾਰਾਤਮਿਕ ਬਿਰਤੀਆਂ ਨੂੰ ਤਿਲਾਂਜਲੀ ਦੇਣ ਦੇ ਲਈ ਬੜੇ ਭਾਵਪੂਰਤ ਢੰਗ ਨਾਲ਼ ਪ੍ਰੇਰਤ ਕਰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਪੁਸਤਕ ਵਿਚ ਸ਼ਾਮਲ ਪੰਝੱਤਰ ਲੇਖ ਜੀਵਨ ਦੇ ਵਖ ਵਖ ਪਹਿਲੂਆਂ ਨੂੰ ਛੂੰਹਦੇ ਹੋਏ ਵਿਅਕਤੀ ਨੂੰ ਇਖਲਾਕੀ ਤੇ ਅਧਿਆਤਮਿਕ ਕਦਰਾਂ ਕੀਮਤਾਂ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣ ਅਤੇ ਆਪਣੇ ਜੀਵਨ ਨੂੰ ਸਾਰਥਿਕ ਤੇ ਅਰਥ ਭਰਪੂਰ ਢੰਗ ਨਾਲ ਜਿਉਣ ਅਤੇ ਜੀਵਨ ਵਿਚ ਕਿਸੇ ਉਚੇਰੀ ਮੰਜ਼ਿਲ ਨੂੰ ਪਾਉਣ ਲਈ ਉਤਸ਼ਾਹਿਤ ਕਰਦੇ ਹਨ। ਉਹਨਾਂ ਇਸ ਪ੍ਰਕਾਰ ਦੀ ਸਾਕਾਰਾਤਮਿਕ ਸਹਿਤ ਸਿਰਜਣਾ ਨੂੰ ਸਮੇਂ ਦੀ ਲੋੜ ਦਸਿਆ ਅਤੇ ਇਸ ਪੁਸਤਕ ਲਈ ਡਾ. ਅਰਵਿੰਦਰ ਸਿੰਘ ਭੱਲਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ‘ਤੇ ਡੀ. ਪੀ. ਆਈ (ਕਾਲਜਾਂ), ਚੰਡੀਗੜ੍ਹ  ਸ. ਪਰਮਜੀਤ ਸਿੰਘ, ਪੀ. ਸੀ. ਐਸ. ਵਿਸ਼ੇਸ਼ ਤੌਰ ਤੇ ਮੌਜੂਦ ਸਨ। ਆਪਣੀ ਨਵੀਂ ਪੁਸਤਕ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਭੱਲਾ ਨੇ ਕਿਹਾ ਕਿ ਉਹਨਾਂ ਦਾ ਇਸ ਪੁਸਤਕ ਨੂੰ ਲਿਖਣ ਪਿੱਛੇ ਬੁਨਿਆਦੀ ਮਨੋਰਥ ਵਿਅਕਤੀ ਨੂੰ ਗੁਰੂ ਸਾਹਿਬਾਨ ਦੇ ਚੜਦੀ ਕਲਾ ਦੇ ਫਲਸਫੇ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਜ਼ਿੰਦਗੀ ਵਿਚ ਹਰ ਚਣੌਤੀ ਨੂੰ ਅਵਸਰ ਵਿੱਚ ਬਦਲਕੇ ਜੀਵਨ ਦੇ ਹਰ ਖੇਤਰ ਵਿਚ ਵਿਲੱਖਣ ਮੁਕਾਮ ਹਾਸਿਲ ਕਰਨ ਲਈ ਪ੍ਰੇਰਤ ਕਰਨਾ ਹੈ। ਉਹਨਾਂ ਇਹ ਵੀ ਕਿਹਾ ਕਿ ਆਮ ਤੌਰ ਤੇ ਮਨੁੱਖ ਨਿਗੂਣੀਆਂ ਜਿਹੀਆਂ ਗੱਲਾਂ ਵਿਚ ਉਲਝ ਕੇ ਆਪਣੀ ਮੰਜ਼ਿਲ ਵਲ ਜਾਂਦੇ ਰਾਹਾਂ ਤੋਂ ਭਟਕ ਕੇ ਅਤੇ ਵਿਕਾਰਾਂ ਵਿੱਚ ਫਸ ਕੇ ਜ਼ਿੰਦਗੀ ਵਰਗੀ ਬੇਸ਼ਕੀਮਤੀ ਰੱਬੀ ਦਾਤ ਨੂੰ ਵਿਅਰਥ ਦੇ ਕਾਰਜਾਂ ਉਲਝ ਕੇ ਅਜਾਈਂ ਗਵਾ ਦਿੰਦਾ ਹੈ । ਡਾ. ਭੱਲਾ ਨੇ ਦਸਿਆ ਕਿ ਉਹਨਾਂ ਵਲੋਂ 2018 ਵਿਚ ਲਿਖੀ ਗਈ ਕਿਤਾਬ ‘ਜਦੋਂ ਸਿਮ੍ਰਿਤੀਆਂ ਜਗਦੀਆਂ ਨੇ’ ਦੀ ਤਰਜ਼ ਉਪਰ ਹੀ ਉਹਨਾਂ ਨੇ ਇਸ ਕਿਤਾਬ ਦੀ ਰੂਪ-ਰੇਖਾ ਉਲੀਕੀ ਹੈ। ਉਹਨਾਂ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਸਹਿਯੋਗ ਅਤੇ ਪ੍ਰੇਰਣਾ ਸਦਕਾ ਹੀ ਉਹ ਇਹ ਕਿਤਾਬ ਲਿਖਣ ਵਿੱਚ ਸਫਲ ਹੋ ਸਕੇ ਹਨ ।  ਡਾ. ਭੱਲਾ ਨੇ ਇਸ ਗੱਲ ਦਾ ਵਿਸ਼ੇਸ਼ ਉਲੇਖ ਕੀਤਾ ਕਿ ਇਸ ਪੁਸਤਕ ਦਾ ਮੁਖਬੰਧ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਲਿਖਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਹੁਣ ਤੱਕ ਡਾ. ਅਰਵਿੰਦਰ ਸਿੰਘ ਭੱਲਾ ਵੱਖ-ਵੱਖ ਵਿਸ਼ਿਆਂ ਉਪਰ ਗਿਆਰਾਂ ਪੁਸਤਕਾਂ ਲਿਖ ਚੁੱਕੇ ਹਨ ।

About Author

Leave A Reply

WP2Social Auto Publish Powered By : XYZScripts.com