Friday, May 9

ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

  • ਲੋਕ ਅਵੇਸਲੇ ਹੋਣ ਦੀ ਬਜਾਏ, ਰਹਿਣ ਸੁਚੇਤ – ਸਿਵਲ ਸਰਜਨ ਲੁਧਿਆਣਾ

ਲੁਧਿਆਣਾ, (ਸੰਜੇ ਮਿੰਕਾ) – ਸਿਹਤ ਵਿਭਾਗ ਲੁਧਿਆਣਾ ਦੀ ਸਮੂਹ ਸਿੱਖਿਆ ਅਤੇ ਮੀਡੀਆ ਵਿੰਗ (ਐਮ.ਈ.ਐਮ) ਵੱਲੋ ਪੁਲਿਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ ਵਿੱਢੀ ਜਾਗਰੂਕਤਾ ਮੁਹਿੰਮ ਨੂੰ ਜਾਰੀ ਰੱਖਦਿਆਂ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ ਪ੍ਰੋਟੋਕਾਲ ਬਾਰੇ ਜਾਣੂੰ ਕਰਵਾਇਆ। ਟੀਮ ਵੱਲੋਂ ਕੋਵਿਡ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਲੋਕਾਂ ਦੇ ਚਾਲਾਨ ਵੀ ਕੱਟੇ। ਸਿਹਤ ਵਿਭਾਗ ਅਤੇ ਪੁਲਿਸ ਪ੍ਰਸਾਸ਼ਨ ਦੀ ਸੰਯੁਕਤ ਜਾਗਰੂਕਤਾ ਟੀਮ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਜਿੱਥੇ ਆਮ ਤੌਰ ‘ਤੇ ਲੋਕਾਂ ਦੀ ਭਾਰੀ ਭੀੜ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਲਾਨ ਕਟਵਾਉਣ ਦੀ ਬਜਾਏ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਜਿਸ ਵਿੱਚ ਮਾਸਕ ਪਾਉਣਾ, ਆਪਸੀ ਵਿੱਥ ਅਤੇ ਹੱਥਾਂ ਦੀ ਸਫਾਈ ਆਦਿ ਸ਼ਾਮਲ ਹੈ, ਤਾਂ ਜੋ ਉਹ ਆਪ ਸੁਰੱਖਿਅਤ ਰਹਿਣ ਅਤੇ ਆਪਣਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਈ ਹੋਣ। ਸਿਵਲ ਸਰਜਨ ਡਾ: ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਲੋਕ ਹੁਣ ਸਾਵਧਾਨੀਆਂ ਵੱਲ ਧਿਆਨ ਨਹੀਂ ਦੇ ਰਹੇ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ, ਪਹਿਲਾਂ ਲੋਕ ਕੋਵਿਡ ਨਿਯਮਾਂ ਦੀ ਪਾਲਣਾ ਕਰ ਰਹੇ ਸਨ ਜਿਸ ਦੇ ਸਿੱਟੇ ਵਜੋਂ ਅਕਤੂਬਰ ਦੇ ਅਖੀਰ ਵਿਚ ਨਵੇਂ ਕੇਸਾਂ ਦੀ ਗਿਣਤੀ ਘੱਟ ਗਈ ਸੀ, ਪਰ ਹਾਲ ਹੀ ਵਿਚ ਲੋਕ ਮਾਸਕ ਪਾਉਣ ਤੋਂ ਪਰਹੇਜ਼ ਕਰ ਰਹੇ ਹਨ ਜਿਸ ਕਾਰਨ ਸਰਕਾਰ ਨੂੰ ਜੁਰਮਾਨਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰਨਾ ਪਿਆ। ਇਸ ਲਈ, ਲੋਕਾਂ ਨੂੰ ਚਲਾਨ ਤੋਂ ਬਚਣ ਅਤੇ ਕੋਵਿਡ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਹਰ ਸਮੇਂ ਮਾਸਕ ਪਹਿਨਣਾ ਚਾਹੀਦਾ ਹੈ। ਬਲਾਕ ਪ੍ਰਸਾਰ ਐਜੂਕੇਟਰ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕਤਾ ਟੀਮਾਂ ਵੱਲੋਂ ਅੱਜ ਵਿਸ਼ੇਸ਼ ਤੌਰ ‘ਤੇ ਸ਼ਹਿਰ ਦੇ ਸੰਘਣੇ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਚੌੜਾ ਬਾਜ਼ਾਰ ਵੀ ਗਏ, ਜਿਥੇ ਉਨ੍ਹਾਂ ਹਰੇਕ ਦੁਕਾਨ ਦਾ ਵਿਅਕਤੀਗਤ ਤੌਰ ‘ਤੇ ਦੌਰਾ ਕਰਦਿਆਂ ਦੁਕਾਨਦਾਰਾਂ ਨੂੰ ਕੋਵਿਡ ਸਬੰਧੀ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਜਾਗਰੂਕਤਾ ਮੁਹਿੰਮ ਦੌਰਾਨ, ਮਾਰਕੀਟ ਵਿੱਚ ਇੱਕ ਇਨਫਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਵੈਨ ਦੇ ਨਾਲ-ਨਾਲ ਲੋਕਾਂ ਨੂੰ ਪਬਲਿਕ ਐਡਰੈਸ ਸਿਸਟਮ ਨਾਲ ਵੀ ਸੰਬੋਧਿਤ ਕੀਤਾ ਗਿਆ। ਹਰਜਿੰਦਰ ਸਿੰਘ, ਜ਼ਿਲ੍ਹਾ ਮਾਸ ਸਿੱਖਿਆ ਅਤੇ ਮੀਡੀਆ ਅਫ਼ਸਰ ਨੇ ਕਿਹਾ ਕਿ ਲੋਕ ਕੋਵਿਡ ਤੋਂ ਸੁਰੱਖਿਅਤ ਰਹਿਣਾ ਚਾਹੁੰਦੇ ਹਨ ਪਰ ਉਹ ਕਿਸੇ ਵੀ ਸਾਵਧਾਨੀ ਦੀ ਪਾਲਣਾ ਵੀ ਨਹੀਂ ਕਰਨਾ ਚਾਹੁੰਦੇ, ਜੋ ਸੰਭਵ ਨਹੀਂ ਹੈ। ਇਸ ਲਈ, ਆਪਣੇ ਲਾਭ ਲਈ ਅਤੇ ਸਮੁੱਚੇ ਸਮੁਦਾਇ ਦੀ ਸੁਰੱਖਿਆ ਲਈ ਲੋਕਾਂ ਨੂੰ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਗੰਭੀਰਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਕੋਵਿਡ ਮਹਾਂਮਾਰੀ ਦੀ ਇਸ ਦੂਜੀ ਲਹਿਰ ਨਾਲ ਨਜਿੱਠਿਆ ਜਾ ਸਕੇ।

About Author

Leave A Reply

WP2Social Auto Publish Powered By : XYZScripts.com