Friday, May 9

ਫੌਜ ‘ਚ ਭਰਤੀ ਰੈਲੀ ਦਾ ਆਯੋਜਨ

ਲੁਧਿਆਣਾ,(ਸੰਜੇ ਮਿੰਕਾ) – ਖੇਤਰੀ ਭਰਤੀ ਹੈੱਡਕੁਆਰਟਰ (ਪੰਜਾਬ ਅਤੇ ਜੰਮੂ-ਕਸ਼ਮੀਰ), ਜਲੰਧਰ ਦੀ ਨਿਗਰਾਨੀ ਅਤੇ ਯੋਗ ਅਗਵਾਈ ਹੇਠ ਦਫ਼ਤਰ ਫੌਜ ਦੀ ਭਰਤੀ, ਲੁਧਿਆਣਾ ਵੱਲੋਂ ਏ.ਐਸ.ਕਾਲਜ ਕਲਾਲ ਮਾਜਰਾ, ਖੰਨਾ ਵਿਖੇ ਮਿਲਟਰੀ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਹ ਭਰਤੀ ਰੈਲੀ ਅੱਜ 07 ਦਸੰਬਰ ਤੋਂ ਸੁਰੂ ਹੋ ਕੇ 22 ਦਸੰਬਰ 2020 ਤੱਕ ਸਮਾਪਤ ਹੋਵੇਗੀ। ਇਸ ਭਰਤੀ ਰੈਲੀ ਵਿੱਚ ਲੁਧਿਆਣਾ, ਮੋਗਾ, ਰੋਪੜ(ਰੂਪਨਗਰ) ਅਤੇ ਐਸ.ਏ.ਐਸ.ਨਗਰ (ਮੁਹਾਲੀ) ਜ਼ਿਲ੍ਹਿਆਂ ਦੇ ਨੌਜਵਾਨ ਭਾਗ ਲੈ ਰਹੇ ਹਨ। ਸਬੰਧਤ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰਤੀ ਪ੍ਰਕਿਰਿਆ ਨੂੰ ਕੋਵਿਡ-19 ਮਹਾਂਮਾਰੀ ਦੇ ਕਾਰਨ ਥੋੜ੍ਹੀ ਦੇਰ ਲਈ ਰੋਕਿਆ ਗਿਆ ਸੀ, ਜੋ ਕਿ ਹੁਣ ਪੂਰੀ ਸਾਵਧਾਨੀ ਨਾਲ ਸ਼ੁਰੂ ਹੋ ਗਈ ਹੈ। ਕੋਰੋਨਾ ਮਹਾਂਮਾਰੀ ਅਤੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ, ਭਰਤੀ ਦੀ ਮਿਆਦ ਵਧਾ ਦਿੱਤੀ ਗਈ ਹੈ ਅਤੇ ਹਰ ਰੋਜ਼ ਸੀਮਿਤ ਹਿੱਸਾ ਲੈਣ ਵਾਲਿਆਂ ਨੂੰ ਬੁਲਾਇਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਸਾਵਧਾਨੀ ਤੌਰ ‘ਤੇ ਭੀੜ ਤੋਂ ਬਚਣ ਲਈ ਭਰਤੀ ਗੇਟ ਸਵੇਰੇ 10 ਵਜੇ ਤੱਕ ਖੁੱਲ੍ਹੇ ਰਹਿਣਗੇ, ਤਾਂ ਜੋ ਉਮੀਦਵਾਰ ਭਰਤੀ ਵਾਲੀ ਜਗ੍ਹਾ’ ਤੇ ਅਸਾਨੀ ਨਾਲ ਪਹੁੰਚ ਸਕਣ। ਇਸ ਤੋਂ ਇਲਾਵਾ ਭਰਤੀ ਵਾਲੀ ਥਾਂ ‘ਤੇ ਦਾਖਲੇ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰ ਆਪਣੀ ਅਤੇ ਸਹਿ-ਉਮੀਦਵਾਰਾਂ ਦੀ ਸੁਰੱਖਿਆ ਲਈ ਫੇਸ ਮਾਸਕ, ਹੈਂਡ ਵਾਸ਼ ਅਤੇ ਆਪਸੀ ਵਿੱਥ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾ ਵਿਸ਼ੇਸ਼ ਤੌਰ ‘ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਭਰਤੀ ਰੈਲੀ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰਨ ਅਤੇ ਬਿਨ੍ਹਾਂ ਕੰਮ ਤੋਂ ਬੱਚਿਆਂ ਦੇ ਨਾਲ ਨਾ ਆਉਣ ਤੇ ਆਪਣੇ ਆਪ ਨੂੰ ਕੋਵਿਡ ਤੋਂ ਬਚਾਉਣ। ਅਧਿਕਾਰੀ ਨੇ ਕਿਹਾ ਕਿ ਭਾਰਤੀ ਫੌਜ ਸਾਰੇ ਉਮੀਦਵਾਰਾਂ ਦੀ ਪ੍ਰਤਿਭਾ ਦਾ ਸਨਮਾਨ ਕਰਦੀ ਹੈ ਅਤੇ ਉਮੀਦਵਾਰ ਵੀ ਆਪਣੀ ਮਿਹਨਤ ‘ਤੇ ਵਿਸ਼ਵਾਸ ਰੱਖਣ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਅਤੇ ਵਿਚੋਲਿਆਂ ਤੋਂ ਸਾਵਧਾਨ ਰਹਿਣ ਕਿਉਂਕਿ ਫੌਜ ਭਰਤੀ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪੱਖ ਹੋ ਰਹੀ ਹੈ, ਕੋਈ ਵੀ ਵਿਚੋਲਾ ਕਿਸੇ ਵੀ ਨੌਜਵਾਨ ਨੂੰ ਭਰਤੀ ਨਹੀਂ ਕਰਵਾ ਸਕਦਾ ਅਤੇ ਅਜਿਹੇ ਧੋਖੇਬਾਜ਼ਾਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਭਰਤੀ ਰੈਲੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਅਤੇ ਐਸ.ਡੀ.ਐਮ. ਖੰਨਾ ਸ੍ਰ. ਹਰਬੰਸ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਹੀ ਇਹ ਸੈਨਿਕ ਭਰਤੀ ਰੈਲੀ ਆਰੰਭ ਹੋਈ ਹੈ।  ਉਨ੍ਹਾਂ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਛਾਉਣੀ ਦੇ ਸਮੂਹ ਸਹਿਕਰਮੀਆਂ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਨੁਸ਼ਾਸਨ ਕਾਇਮ ਰੱਖਣ ਅਤੇ ਇਸ ਮੌਕੇ ਦਾ ਲਾਹਾ ਲੈਂਦਿਆਂ ਭਰਤੀ ਰੈਲੀ ਵਿਚ ਹਿੱਸਾ ਲੈ ਕੇ ਸੈਨਾ ਵਿਚ ਸ਼ਾਮਲ ਹੋਣ ਅਤੇ ਦੇਸ਼ ਦੀ ਸੁਰੱਖਿਆ ਵਿੱਚ ਭਾਗੀਦਾਰ ਬਣਨ।

About Author

Leave A Reply

WP2Social Auto Publish Powered By : XYZScripts.com