Friday, May 9

32 ਏਕੜ ਜੈਨਪੁਰ ਸਪੋਰਟਸ ਪਾਰਕ ਸੂਬੇ ਦਾ ਸਭ ਤੋਂ ਵੱਡਾ ਅੰਤਰ ਰਾਸ਼ਟਰੀ ਪੱਧਰ ਦਾ ਹੋਵੇਗਾ ਖੇਡ ਪਾਰਕ -ਭਾਰਤ ਭੂਸ਼ਣ ਆਸ਼ੂ

  • ਕਿਹਾ! ਇਸ ਪ੍ਰੋਜੈਕਟ ਸਬੰਧੀ ਟੈਂਡਰ ਜਨਵਰੀ 2021 ਤੱਕ ਕਰ ਦਿੱਤੇ ਜਾਣਗੇ ਜਾਰੀ
  • ਖੇਡ ਸਹੂਲਤਾਂ ਦੇ ਨਵੀਨੀਕਰਨ ਨਾਲ ਸਬੰਧਤ ਪ੍ਰਾਜੈਕਟਾਂ ਸਬੰਧੀ ਬਚਤ ਭਵਨ ਵਿਖੇ ਹੋਈ ਸਮੀਖਿਆ ਮੀਟਿੰਗ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 32 ਏਕੜ ਜੈਨਪੁਰ ਸਪੋਰਟਸ ਪਾਰਕ ਸੂਬੇ ਦਾ ਸਭ ਤੋਂ ਵੱਡਾ ਅੰਤਰ ਰਾਸ਼ਟਰੀ ਪੱਧਰ ਦਾ ਖੇਡ ਪਾਰਕ ਹੋਵੇਗਾ, ਜਿਸ ਲਈ ਟੈਂਡਰ ਜਨਵਰੀ 2021 ਤੱਕ ਜਾਰੀ ਕਰ ਦਿੱਤੇ ਜਾਣਗੇ। ਇਸ ਪ੍ਰਾਜੈਕਟ ਦੇ ਨਾਲ-ਨਾਲ ਸਾਰੀਆਂ ਮੌਜੂਦਾ ਖੇਡ ਸਹੂਲਤਾਂ ਦੇ ਨਵੀਨੀਕਰਨ ਨਾਲ ਸਬੰਧਤ ਪ੍ਰਾਜੈਕਟਾਂ ਸਬੰਧੀ ਅੱਜ ਸਥਾਨਕ ਬਚਤ ਭਵਨ ਵਿਖੇ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸ੍ਰੀ ਸੰਨੀ ਭੱਲਾ ਅਤੇ ਸ੍ਰ. ਗੁਰਦੀਪ ਸਿੰਘ ਨੀਟੂ ਸਮੇਤ ਲੁਧਿਆਣਾ ਦੇ ਕਈ ਪ੍ਰਮੁੱਖ ਖਿਡਾਰੀ ਅਤੇ ਸਾਰੀਆਂ ਖੇਡ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਜਿਕਰਯੋਗ ਹੈ ਕਿ ਪਿੰਡ ਜੈਨਪੁਰ ਵਿਖੇ 32 ਏਕੜ ਜ਼ਮੀਨ ‘ਤੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਅਧੀਨ ਇਕ ਸਪੋਰਟਸ ਪਾਰਕ ਦੀ ਉਸਾਰੀ ਕੀਤੀ ਜਾਵੇਗੀ, ਜਿਥੇ ਇੱਕ ਸਮੇਂ ਕੂੜੇ ਦਾ ਡੰਪ ਮੌਜੂਦ ਸੀ। ਇਸ ਪ੍ਰਾਜੈਕਟ ਦਾ ਡਿਜ਼ਾਇਨ ਆਰਕੀਟੈਕਟ ਸ਼੍ਰੀਮਤੀ ਸ਼ੁਭਮ ਪੋਪਲੀ ਅਤੇ ਸ੍ਰੀ ਮਨੋਜ ਪੋਪਲੀ ਵੱਲੋਂ ਤਿਆਰ ਕੀਤਾ ਗਿਆ ਹੈ। ਹਾਕੀ ਓਲੰਪੀਅਨ ਸ੍ਰੀ ਹਰਦੀਪ ਸਿੰਘ ਗਰੇਵਾਲ, ਦ੍ਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ, ਤੇਜਾ ਸਿੰਘ ਧਾਲੀਵਾਲ, ਲੁਧਿਆਣਾ ਬਾਸਕਿਟਬਾਲ ਅਕੈਡਮੀ ਤੋਂ, ਸ੍ਰੀ ਜਗਬੀਰ ਸਿੰਘ ਗਰੇਵਾਲ, ਐਲ.ਡੀ.ਸੀ.ਏ. ਦੇ ਪ੍ਰਧਾਨ ਸ੍ਰੀ ਸਤੀਸ਼ ਮੋਂਗਲ, ਸ੍ਰੀ ਬਲਕਾਰ ਸਿੰਘ ਬਰਾੜ, ਕਰਨਲ ਜਗਦੀਸ਼ ਸਿੰਘ ਬਰਾੜ ਅਤੇ ਸ੍ਰੀ ਗੁਰਿੰਦਰ ਸਿੰਘ ਗਰਚਾ ਸ਼ੂਟਿੰਗ ਐਸੋਸੀਏਸ਼ਨ ਤੋਂ, ਵੇਟਲਿਫਟਿੰਗ ਐਸੋਸੀਏਸ਼ਨ ਤੋਂ ਸ੍ਰੀ ਪਰਵੇਸ਼ ਚੰਦਰ ਸ਼ਰਮਾ, ਤੈਰਾਕੀ ਐਸੋਸੀਏਸ਼ਨ ਤੋਂ ਸ੍ਰੀ ਅਜੈ ਸ਼ਰਮਾ, ਯੋਗ ਐਸੋਸੀਏਸ਼ਨ ਤੋਂ ਡਾ: ਧਰਮ ਸਿੰਘ ਸੰਧੂ, ਫੁਟਬਾਲ ਐਸੋਸੀਏਸ਼ਨ ਤੋਂ ਸ੍ਰੀ ਬੌਬੀ, ਸਾਈਕਲਿੰਗ ਐਸੋਸੀਏਸ਼ਨ ਤੋਂ ਰਜਿੰਦਰ ਸਿੰਘ ਤੋਂ ਇਲਾਵਾ ਕਈ ਹੋਰਨਾਂ ਨੇ ਅੱਜ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਸਾਰਿਆਂ ਵੱਲੋਂ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਸਰਾਹਨਾ ਕੀਤੀ ਗਈ, ਜ੍ਹਿਨ੍ਹਾਂ ਪਹਿਲੀ ਵਾਰ ਅਜਿਹੀ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਦੌਰਾਨ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਪੋਰਟਸ ਪਾਰਕ ਵਿੱਚ ਕ੍ਰਿਕਟ, ਫੁੱਟਬਾਲ, ਹਾਕੀ, ਲਾਨ ਟੈਨਿਸ, ਸਵੀਮਿੰਗ ਪੂਲ, ਤੀਰਅੰਦਾਜ਼ੀ ਗਰਾਉਂਡ, 50 ਮੀਟਰ ਇਨਡੋਰ ਸ਼ੂਟਿੰਗ ਰੇਂਜ, ਵਾਲੀਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਕੋਰਟਸ ਆਦਿ ਦੇ ਨਾਲ 3.5 ਕਿਲੋਮੀਟਰ ਲੰਬਾ ਅਤੇ 15 ਫੁੱਟ ਚੌੜਾ ਸਾਈਕਲਿੰਗ ਦੇ ਨਾਲ-ਨਾਲ ਇਕ ਪੈਦਲ ਚੱਲਣ ਲਈ ਟਰੈਕ ਵੀ ਹੋਵੇਗਾ। ਇਸ ਤੋਂ ਇਲਾਵਾ, ਇਸ ਸਪੋਰਟਸ ਪਾਰਕ ਵਿਚ ਖਿਡਾਰੀਆਂ ਲਈ ਇਕ ਰਿਫਰੈਸ਼ਮੈਂਟ ਲਾਂਜ ਦੇ ਨਾਲ ਕਲੱਬ ਖੇਤਰ, ਬੱਚਿਆਂ ਦਾ ਜ਼ੋਨ, ਯੋਗਾ ਜ਼ੋਨ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਅਧੀਨ ਆ ਰਿਹਾ ਹੈ ਅਤੇ ਕੂੜਾ ਡੰਪ ਵਾਲੀ ਜਗ੍ਹਾ ਨੂੰ ਸਪੋਰਟਸ ਪਾਰਕ ਬਣਾ ਕੇ ਸਰਬੋਤਮ ਵਰਤੋਂ ਲਈ ਤਿਆਰ ਕੀਤਾ ਜਾਵੇਗਾ ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਸਪੋਰਟਸ ਪਾਰਕ ਵਿੱਚ ਸੂਬੇ ਦਾ ਪਹਿਲਾ ਪਾਰਕੌਰ ਪਾਰਕ ਵੀ ਹੋਵੇਗਾ ਜੋ ਕਿ  ਸਰੀਰਕ ਅਤੇ ਮਨੋਵਿਗਿਆਨਕ ਤੰਦਰੁਸਤੀ ਦਾ ਉੱਚਤਮ ਰੂਪ ਹੈ। ਇਸ ਤੋਂ ਇਲਾਵਾ, ਰੱਖ ਬਾਗ ਨੇੜੇ ਇਕ ਨਵਾਂ ਟੇਬਲ ਟੈਨਿਸ ਕੋਰਟ ਵੀ ਬਣਾਇਆ ਜਾ ਰਿਹਾ ਹੈ, ਜਿਸਦਾ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ, ਲੁਧਿਆਣਾ ਬਾਸਕਿਟਬਾਲ ਅਕੈਡਮੀ ਵਿਖੇ ਦੋ ਇੰਡੋਰ ਓਪਨ ਬਾਸਕਿਟਬਾਲ ਕੋਰਟ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ.ਪੀ.ਆਰ. ਪਹਿਲਾਂ ਹੀ ਤਿਆਰ ਹੋ ਚੁੱਕੀ ਹੈ ਅਤੇ ਜਲਦ ਹੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਸ਼ਹਿਰ ਦੀਆਂ ਸਾਰੀਆਂ ਮੌਜੂਦਾ ਖੇਡ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਵਚਨਬੱਧ ਹਨ ਜਿਨ੍ਹਾਂ ਪ੍ਰਾਜੈਕਟਾਂ ਵਿਚ ਗੁਰੂ ਨਾਨਕ ਸਟੇਡੀਅਮ ਵਿਖੇ ਨਵਾਂ ਐਥਲੈਟਿਕਸ ਸਿੰਥੈਟਿਕ ਟਰੈਕ, ਇਨਡੋਰ ਸਵੀਮਿੰਗ ਪੂਲ, ਸ਼ਾਸਤਰੀ ਹਾਲ ਦਾ ਨਵੀਨੀਕਰਨ, ਐਸਟ੍ਰੋਟਰਫ ਦਾ ਨਵੀਨੀਕਰਨ ਅਤੇ ਪੀਏਯੂ ਵਿਖੇ ਇਕ ਵੇਲਡਰੋਮ (ਸਾਈਕਲਿੰਗ ਟਰੈਕ) ਸ਼ਾਮਲ ਹਨ। ਸ੍ਰੀ ਆਸ਼ੂ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਉਹ ਨਿੱਜੀ ਤੌਰ ‘ਤੇ ਇਹ ਸੁਨਿਸ਼ਚਿਤ ਕਰਨਗੇ ਕਿ ਇਸ ਖੇਡ ਪਾਰਕ ਦੀ ਉਸਾਰੀ ਦੌਰਾਨ ਸਾਰੇ ਖਿਡਾਰੀ ਅਤੇ ਖੇਡ ਐਸੋਸੀਏਸ਼ਨਾਂ ਸਥਾਈ ਤੌਰ’ ਤੇ ਸ਼ਾਮਲ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਪ੍ਰਾਜੈਕਟ ਪਹਿਲ ਦੇ ਅਧਾਰ ਤੇ ਅਤੇ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਮੁਕੰਮਲ ਕੀਤੇ ਜਾਣਗੇ।

About Author

Leave A Reply

WP2Social Auto Publish Powered By : XYZScripts.com