- ਕਿਹਾ! ਸੂਝਵਾਨ ਵਸਨੀਕਾਂ ਵੱਲੋਂ ਆਪਸੀ ਵਿੱਥ, ਮਾਸਕ ਪਾਉਣਾ ਤੇ ਹੱਥਾਂ ਦੀ ਸਫਾਈ ਨੂੰ ਬਣਾਇਆ ਰੋਜ਼ਮਰਾ ਜਿੰਦਗੀ ਦਾ ਹਿੱਸਾ
- ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।ਸ੍ਰੀ ਸਰਮਾ ਨੇ ਲਾਈਵ ਸੈਂਸ਼ਨ ਦੀ ਸ਼ੁਰੂਆਤ ਵਿੱਚ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਵਿਡ-19 ਪ੍ਰੋਟੋਕੋਲ ਸਬੰਧੀ ਕੀਤੀ ਅਪੀਲ ਨੂੰ ਵਸਨੀਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਲੁਧਿਆਣਾ ਵਾਸੀ ਬੜੇ ਹੀ ਸੂਝਵਾਨ ਨੇ ਜਿੰਨ੍ਹਾਂ ਆਪਸੀ ਵਿੱਥ, ਮਾਸਕ ਪਹਿਨਣਾ ਅਤੇ ਹੱਥਾਂ ਦੀ ਸਫਾਈ ਨੂੰ ਆਪਣੀ ਰੋਜ਼ਮਰਾ ਦੀ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਕੋਈ ਜ਼ਿਆਦਾ ਭੀੜ ਨਹੀਂ ਹੈ, ਵਪਾਰਕ ਸੰਸਥਾਨਾਂ ਵਿੱਚ ਪੂਰਾ ਅਹਿਤਆਤ ਵਰਤਿਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਵੱਲੋਂ ਖਾਸਕਰ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜੋ ਕਿ ਕਿਸੇ ਗੰਭੀਰ ਬਿਮਾਰੀ ਨਾਲ ਪੀੜ੍ਹਤ ਹਨ ਜਾਂ ਜਿੰਨਾਂ ਦੀ ਉਮਰ ਜ਼ਿਆਦਾ ਹੈ, ਉਹ ਆਪਣਾ ਬਚਾਅ ਰੱਖਣ ਅਤੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਵਿਸ਼ਵ ਸਿਹਤ ਸੰਸਥਾ(WHO) ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਕਿਉਂਕਿ ਠੰਡ ਦੇ ਦਿਨਾਂ ਦੌਰਾਨ ਕੋਰੋਨਾ ਦੀ ਲਾਗ ਲੱਗਣ ਦਾ ਖ਼ਦਸਾ ਜ਼ਿਆਦਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੂਜੀ ਲਹਿਰ ਦੇ ਪ੍ਰਭਾਵ ਦਾ ਸੰਭਾਵਿਤ ਖਦਸਾ ਜਤਾਇਆ ਜਾ ਰਿਹਾ ਸੀ, ਖੁਸ਼ਕਿਸਮਤੀ ਨਾਲ ਪੋਜ਼ਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਜਿਆਦਾ ਉਛਾਲ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੇਸ ਵਧੇ ਹਨ ਪਰ ਇੰਨੇ ਜ਼ਿਆਦਾ ਨਹੀਂ ਵਧੇ ਜਿਸ ਨਾਲ ਕੋਈ ਹੰਗਾਮੀ ਹਾਲਾਤ ਪੈਦਾ ਹੋ ਸਕਣ।ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਵਸਨੀਕਾਂ ਨੂੰ ਇੱਕ ਵਾਰ ਫੇਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਣ ‘ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ ਤਾਂ ਜੋ ਤੁਸੀਂ ਆਪਣਾ ਤੇ ਆਪਣਿਆਂ ਦਾ ਬਚਾਅ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਓ।