
- ਬੁੱਢੇ ਨਾਲੇ ਦੇ ਕਾਇਆ-ਕਲਪ ਪ੍ਰਾਜੈਕਟ ਨਾਲ ਜੁੜੇ ਕੰਮ ਪਾਰਦਰਸ਼ੀ ਢੰਗ ਕੀਤੇ ਜਾਣਗੇ ਪੂਰੇ, ਇੱਕ ਪੈਸੇ ਦੀ ਵੀ ਨਹੀਂ ਕੀਤੀ ਜਾਵੇਗੀ ਦੁਰਵਰਤੋਂ
- ਸਤਿਗੁਰੂ ਉਦੈ ਸਿੰਘ ਵੱਲੋਂ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਕੀਤੀ ਪੰਜਾਬ ਸਰਕਾਰ ਦੀ ਸ਼ਲਾਘਾ
- ਗੁਰੂ ਨਾਨਕ ਦੇਵ ਭਵਨ ਵਿਖੇ ਜਨਤਕ ਸੈਮੀਨਾਰ ਆਯੋਜਿਤ
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਕਾਇਆ-ਕਲਪ ਪ੍ਰਾਜੈਕਟ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ ਅਤੇ ਬਹੁਤ ਜਲਦ ਹੀ ਬੁੱਢਾ ਨਾਲਾ ਸਾਫ ਪਾਣੀ ਅਤੇ ਕਿਨਾਰਿਆਂ ਦੇ ਸੁੰਦਰੀਕਰਨ ਨਾਲ ਇਕ ਸਾਫ ਸੁਥਰਾ ਦਿੱਖ ਪੇਸ਼ ਕਰੇਗਾ। ਸ੍ਰੀ ਆਸ਼ੂ ਨੇ ਇਹ ਗੱਲ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਇਸ ਪ੍ਰਾਜੈਕਟ ਸੰਬੰਧੀ ਆਯੋਜਿਤ ਜਨਤਕ ਸੈਮੀਨਾਰ ਦੌਰਾਨ ਕਹੀ। ਇਸ ਮੌਕੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ, ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਅਤੇ ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਕੌਸਲਰ ਸਾਹਿਬਾਨ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਏ.ਕੇ.ਸਿਨਹਾ, ਸੀ.ਈ.ਓ. ਪੀ.ਐਮ.ਆਈ.ਡੀ.ਸੀ. ਸ੍ਰੀ ਅਜੌਏ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸੀਨੀਅਰ ਕਾਂਗਰਸੀ ਆਗੂ ਸ੍ਰੀ ਕਮਲਜੀਤ ਸਿੰਘ ਕੜਵਲ ਅਤੇ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੁੱਢੇ ਨਾਲੇ ਦੇ ਲਗਭਗ 14 ਕਿਲੋਮੀਟਰ ਲੰਬੇ ਹਿੱਸੇ ਦੀ ਸਫਾਈ ਉਨ੍ਹਾਂ ਦੇ ਪ੍ਰੋਜੈਕਟਾਂ ਵਿੱਚ ਪ੍ਰਮੁੁੁੱਖ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਜਲਦ ਹੀ ਸ਼ੁਰੂ ਹੋ ਜਾਵੇਗਾ ਅਤੇ ਇਕ ਵਾਰ ਜਦੋਂ ਇਹ ਚਾਲੂ ਹੋ ਜਾਵੇਗਾ ਤਾਂ ਕਿਸੇ ਵੀ ਵਿਅਕਤੀ ਨੂੰ ਬੁੱਢੇ ਨਾਲੇ ਨੂੰ ਪ੍ਰਦੂਸ਼ਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਅਤੇ ਹੋਰਾਂ ਨਾਲ ਜਾ ਕੇ ਇਸ ਸਬੰਧੀ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਇਸ ਸਬੰਧ ਵਿੱਚ ਇੱਕ ਮੀਟਿੰਗ ਵੀ ਕੀਤੀ ਗਈ ਸੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਕਾਇਆ-ਕਲਪ ਪ੍ਰਾਜੈਕਟ ਨਾਲ ਜੁੜੇ ਕੰਮ ਪਾਰਦਰਸ਼ੀ ਢੰਗ ਨਾਲ ਪੂਰੇ ਕੀਤੇ ਜਾਣਗੇ ਅਤੇ ਇਸ ਪ੍ਰਾਜੈਕਟ ਲਈ ਇਸਤੇਮਾਲ ਹੋਣ ਵਾਲੇ ਜਨਤਕ ਫੰਡਾਂ ਦੇ ਇੱਕ-ਇੱਕ ਪੈਸੇ ਦੀ ਕਿਸੇ ਵੀ ਕੀਮਤ ‘ਤੇ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਰੁਚੀ ਲੈਣ ਲਈ ਧੰਨਵਾਦ ਕੀਤਾ ਅਤੇ ਸਤਿਗੁਰੂ ਉਦੈ ਸਿੰਘ ਨੂੰ ਇਸ ਪ੍ਰਾਜੈਕਟ ਲਈ ਬਣਾਈ ਗਈ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੌਏ ਸ਼ਰਮਾ ਨੇ ਇਸ ਪ੍ਰਾਜੈਕਟ ਸੰਬੰਧੀ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਅਤੇ ਇਸ ਪ੍ਰਾਜੈਕਟ ਸੰਬੰਧੀ ਵਸਨੀਕਾਂ, ਐਨ.ਜੀ.ਓਜ਼, ਉਦਯੋਗਪਤੀਆਂ ਆਦਿ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜੇ ਕਿਸੇ ਵਿਅਕਤੀ ਨੂੰ ਇਸ ਪ੍ਰਾਜੈਕਟ ਸੰਬੰਧੀ ਕੋਈ ਸੁਝਾਅ ਹੈ ਤਾਂ ਉਹ ਉਨ੍ਹਾਂ ਨੂੰ ਵਿਭਾਗ ਕੋਲ ਲਿਖਤੀ ਰੂਪ ਵਿੱਚ ਜਮ੍ਹਾ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਗਲੇ 10 ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਇੰਟਰੈਕਟਿਵ ਸੈਸ਼ਨ ਦੌਰਾਨ ਕਈ ਉਦਯੋਗਪਤੀਆਂ, ਐਨ.ਜੀ.ਓਜ਼ ਅਤੇ ਵਸਨੀਕਾਂ ਨੇ ਇਸ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ ਅਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਸਮਰਪਿਤ ਅਤੇ ਪਾਰਦਰਸ਼ੀ ਯਤਨਾਂ ਦੀ ਵੀ ਸ਼ਲਾਘਾ ਕੀਤੀ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਭਰੋਸਾ ਦਿਵਾਇਆ ਕਿ ਭਾਗੀਦਾਰਾਂ ਵੱਲੋਂ ਦਿੱਤੇ ਸਾਰੇ ਕੀਮਤੀ ਸੁਝਾਅ ਪ੍ਰੋਜੈਕਟ ਵਿੱਚ ਸ਼ਾਮਲ ਕੀਤੇ ਜਾਣਗੇ। ਸਤਿਗੁਰੂ ਉਦੈ ਸਿੰਘ ਨੇ ਵੀ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਕਾਸ ਪ੍ਰਾਜੈਕਟ ਸੰਬੰਧੀ ਅਜਿਹੇ ਜਨਤਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ ਇਸ ਪ੍ਰਾਜੈਕਟ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ। ਉਨ੍ਹਾਂ ਇਸ ਪ੍ਰਾਜੈਕਟ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਬੁੱਢੇ ਨਾਲੇ ਦੇ ਨਾਲ ਲੱਗਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਮਾਨਵਤਾ ਦੇ ਹਿੱਤ ਵਿੱਚ ਪ੍ਰਦੂਸ਼ਿਤ ਨਾ ਕਰਨ। ਉਨ੍ਹਾਂ ਕਿਹਾ ਕਿ ਨਾਲੇ ਦੇ ਕੰਢਿਆਂ ‘ਤੇ ਲੋਹੇ ਦੇ ਜਾਲ ਵੀ ਲਗਾਏ ਜਾ ਰਹੇ ਹਨ ਤਾਂ ਜੋ ਇਸ ਵਿੱਚ ਕੋਈ ਵੀ ਕੁੜ੍ਹਾ-ਕਰਕਟ ਜਾਂ ਕਿਸੇ ਹੋਰ ਤਰ੍ਹਾਂ ਦਾ ਸਾਲਿਡ ਵੇਸਟ ਨਾ ਸੁੱਟੇ।
ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕਰਨ ਵਾਲਿਆਂ ਵਿੱਚ ਸੀ.ਆਈ.ਸੀ.ਯੂ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਆਹੂਜਾ, ਲੁਧਿਆਣਾ ਡਾਈੰਗ ਇੰਡਸਟਰੀਜ਼ ਦੇ ਪ੍ਰਧਾਨ ਸ੍ਰੀ ਅਸ਼ੋਕ ਮੱਕੜ, ਅਕਾਲੀ ਕੌਂਸਲਰ ਸ੍ਰ. ਹਰਭਜਨ ਸਿੰਘ ਡੰਗ, ਸਾਬਕਾ ਭਾਜਪਾ ਕੌਂਸਲਰ ਸ੍ਰੀ ਇੰਦਰ ਅਗਰਵਾਲ ਤੋਂ ਇਲਾਵਾ ਕਈ ਹੋਰ ਸ਼ਾਮਲ ਸਨ।