
- ਨਗਰ ਨਿਗਮ ਲੁਧਿਆਣਾ 31 ਮਾਰਚ, 2021 ਤੋਂ ਪਹਿਲਾਂ ਐਸ.ਟੀ.ਪੀ. ਅਪਗ੍ਰੇਡ ਕਰਨ ਦੀ ਹਦਾਇਤ
- ਐਨ.ਜੀ.ਟੀ. ਵੱਲੋਂ ਲੁਧਿਆਣਾ ਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਰੱਖਣ ਦੀ ਵੀ ਕੀਤੀ ਅਪੀਲ
ਲੁਧਿਆਣਾ, (ਸੰਜੇ ਮਿੰਕਾ) – ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਵੱਲੋਂ ਅੱਜ ਜ਼ਿਲੇ ਵਿਚ ਮਾਡਰਨ ਐਨੀਮਲ ਕਾਰਕਸ ਪਲਾਂਟ, ਮਾਡਰਨ ਸਲਾਟਰ ਹਾਊਸ, ਟੈਕਸਟਾਈਲ ਡਾਈਂਗ ਯੁਨਿਟਾਂ ਲਈ ਸੀ.ਈ.ਟੀ.ਪੀਜ ਅਤੇ ਮਾਈਕਰੋ ਫੋਰੈਸਟ ਸਥਾਪਤ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਜਸਟਿਸ ਜਸਬੀਰ ਸਿੰਘ ਅਤੇ ਜਸਟਿਸ ਪ੍ਰੀਤਮ ਪਾਲ ਦੀ ਅਗਵਾਈ ਹੇਠ ਗਰੀਨ ਪੈਨਲ ਦੀ ਛੇ ਮੈਂਬਰੀ ਨਿਗਰਾਨ ਅਤੇ ਕਾਰਜਕਾਰੀ ਕਮੇਟੀ ਵੱਲੋਂ ਨਗਰ ਨਿਗਮ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੋਵਿਡ-19 ਤੋਂ ਬਾਅਦ ਲੁਧਿਆਣਾ ਦਾ ਪਹਿਲਾ ਫਿਜੀਕਲ ਦੌਰਾ ਕੀਤਾ, ਜਿਸ ਵਿੱਚ ਬੁੱਢੇ ਨਾਲੇ ਦੀ ਸਫਾਈ ਅਤੇ ਸਾਲਿਡ ਵੇਸਟ ਮੈਨੇਜਮੈਂਟ ਨਾਲ ਜੁੜੇ ਹੋਰ ਮੁੱਦੇ ਵੀ ਸ਼ਾਮਲ ਹਨ। ਇਸ ਮੌਕੇ ਕਮੇਟੀ ਮੈਬਰਾਂ ਵਿੱਚ ਸ੍ਰੀ ਐਸ.ਸੀ. ਅਗਰਵਾਲ (ਸਾਬਕਾ ਮੁੱਖ ਸਕੱਤਰ, ਪੰਜਾਬ), ਸ੍ਰੀਮਤੀ ਉਰਵਸ਼ੀ ਗੁਲਾਟੀ (ਸਾਬਕਾ ਮੁੱਖ ਸਕੱਤਰ, ਹਰਿਆਣਾ), ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਰ ਡਾ: ਬਾਬੂ ਰਾਮ ਵੀ ਹਾਜ਼ਰ ਸਨ। ਕਮੇਟੀ ਵੱਲੋਂ ਮਾਡਰਨ ਐਨੀਮਲ ਕਾਰਕਸ ਪਲਾਂਟ, ਬੁੱਢੇ ਨਾਲੇ ‘ਤੇ ਸਥਾਪਤ ਰੀਅਲ ਟਾਈਮ ਵਾਟਰ ਕੁਆਲਟੀ ਮਾਨਿਟਰਿੰਗ ਸਿਸਟਮ, ਬੁੱਢੇ ਨਾਲ ਦੇ ਨਾਲ ਸਥਾਪਤ ਮਾੲਕਰੋ ਫੋਰੈਸਟ ਏਰੀਆ, ਸਲਾਟਰ ਹਾਊਸ, ਆਨਸਾਈਟ ਫਲੋਟਿੰਗ ਡਰੱਮਜ਼ ਅਤੇ ਸੀ.ਈ.ਟੀ.ਪੀਜ ਆਦਿ ਦਾ ਦੌਰਾ ਕੀਤਾ। ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਕਮੇਟੀ ਜ਼ਿਲ੍ਹੇ ਵਿੱਚ ਮਾਡਰਨ ਐਨੀਮਲ ਕਾਰਕਸ ਪਲਾਂਟ, ਮਾਡਰਨ ਸਲਾਟਰ ਹਾਊਸ, ਟੈਕਸਟਾਈਲ ਡਾਈਂਗ ਯੁਨਿਟਾਂ ਲਈ ਸੀ.ਈ.ਟੀ.ਪੀਜ ਅਤੇ ਮਾਈਕਰੋ ਫੋਰੈਸਟ ਸਥਾਪਤ ਕਰਨ ਦੀ ਸ਼ਲਾਘਾ ਕਰਦੀ ਹੈ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਨੂੰ ਅਪਗ੍ਰੇਡ ਕਰਕੇ ਪਾਣੀ ਦਾ 100 ਪ੍ਰਤੀਸ਼ਤ ਸੁੱਧੀਕਰਣ ਯਕੀਨੀ ਬਣਾਇਆ ਜਾਵੇ ਤਾਂ ਜੋ ਬੁੱਢੇ ਨਾਲੇ ਵਿੱਚ ਗੰਦੇ ਪਾਣੀ ਬਹਾਅ ਰੋਕਿਆ ਜਾ ਸਕੇ।ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਐਨ.ਜੀ.ਟੀ. ਦੇ ਆਦੇਸ਼ਾਂ ਅਨੁਸਾਰ, ਜੇਕਰ ਜ਼ਿਲ੍ਹੇ ਵਿੇੱਚ 31 ਮਾਰਚ, 2021 ਤੋਂ ਪਹਿਲਾਂ ਐਸ.ਟੀ.ਪੀ. ਸ਼ੁਰੂ ਨਹੀਂ ਹੁੰਦੇ ਤਾਂ ਪ੍ਰਤੀ ਡਰੇਨ ਪ੍ਰਤੀ ਮਹੀਨਾ 10 ਲੱਖ ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ 1 ਜੁਲਾਈ 2021 ਤੋਂ ਪਹਿਲਾਂ ਇਨ-ਸੀਟੂ ਟ੍ਰੀਟਮੈਂਟ ਨਾਲ ਸਬੰਧਤ ਕੰਮ ਸ਼ੁਰੂ ਕਰਨ ਲਈ ਵੀ ਕਿਹਾ।
ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਰੱਖਣਾ ਸ਼ੁਰੂ ਕਰਨ। ਉਨ੍ਹਾਂ ਕਿਹਾ ”ਜੇ ਤੁਸੀਂ ਸਿਰਫ ਕੂੜਾ ਵੱਖਰਾ-ਵੱਖਰਾ ਕਰਨਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਸੀਂ ਸਫਾਈ ਮੁਹਿੰਮ ਨੂੰ ਹਾਸਲ ਕਰਨ ਵਿਚ ਵੱਡਾ ਯੋਗਦਾਨ ਪਾ ਸਕਦੇ ਹੋ”।
ਕਮੇਟੀ ਵੱਲੋਂ ਬਹਾਦਰਕੇ ਰੋਡ ਲੁਧਿਆਣਾ ਦੇ ਡਾਈਂਗ ਕਲੱਸਟਰ ਲਈ ਸਥਾਪਤ ਕੀਤੇ ਗਏ 15 ਐਮ.ਐਲ.ਡੀ. ਸੀ.ਈ.ਟੀ.ਪੀ. ਦੇ ਹਾਲ ਹੀ ਵਿੱਚ ਚਾਲੂ ਕੀਤੇ ਕਾਰਜਾਂ ਦੀ ਵੀ ਨਿਗਰਾਨੀ ਕੀਤੀ। ਜਸਟਿਸ ਜਸਬੀਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਸਥਾਪਤ ਕਰਨ ਲਈ ਐਸ.ਪੀ.ਵੀ. ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਜਲ ਪ੍ਰਦੂਸ਼ਣ ਦੇ ਪੱਧਰ ਨੂੰ ਬਹੁਤ ਹੇਠਾਂ ਲਿਆਂਦਾ ਹੈ। ਉਨ੍ਹਾਂ ਅੱਗੇ ਫੋਕਲ ਪੁਆਇੰਟ ਅਤੇ ਤਾਜਪੁਰ ਰੋਡ ਡਾਈਂਗ ਕਲੱਸਟਰ ਦੇ ਐਸ.ਪੀ.ਵੀ. ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਆਪਣੇ ਸਬੰਧਤ ਸੀ.ਈ.ਟੀ.ਪੀ. ਪਲਾਂਟਾਂ ਨੂੰ 31 ਦਸੰਬਰ, 2020 ਤੱਕ ਚਾਲੂ ਕਰਨ ਅਤੇ ਉਨ੍ਹਾਂ ਦੇ ਸਾਫ ਕੀਤੇ ਪਾਣੀ ਦੀ ਵਰਤੋਂ ਜ਼ਮੀਨ ‘ਤੇ ਸਿੰਚਾਈ ਲਈ ਕਰਨ ਤਾਂ ਜੋ ਸ਼ਹਿਰ ਦੇ ਉਦਯੋਗਿਕ ਅਤੇ ਘਰੇਲੂ ਨਿਕਾਸੀ ਨੂੰ ਪੂਰੀ ਤਰ੍ਹਾਂ ਅਲੱਗ ਕੀਤਾ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਨਗਰ ਨਿਗਮ ਸ੍ਰੀ ਪ੍ਰਦੀਪ ਸੱਭਰਵਾਲ ਅਤੇ ਸੀਨੀਅਰ ਵਾਤਾਵਰਣ ਇੰਜੀਨੀਅਰ ਸ੍ਰੀ ਸੰਦੀਪ ਬਹਿਲ ਸਮੇਤ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।
ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਮੇਟੀ ਨੂੰ ਆਮਲੇ ਦੇ ਪੌਦੇ ਵੀ ਭੇਟ ਕੀਤੇ।