Friday, May 9

ਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਇੱਕ ਵਾਰ ਫੇਰ ਕੀਤੀ ਅਪੀਲ

  • ਕਿਹਾ! ਕੋਰੋਨਾ ਦੀ ਦੂਜੀ ਲਹਿਰ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਹੈ ਮਾਸਕ ਪਾਉਣਾ
  • ਮਾਸਕ ਦੀ ਮਹੱਤਤਾ ਨੂੰ ਦਰਸਾਉਂਦਾ ਇੱਕ ਪੋਸਟਰ ਵੀ ਕੀਤਾ ਜਾਰੀ

ਲੁਧਿਆਣਾ, ( ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜ਼ਿਲੇ ਵਿਚ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨੂੰ ਰੋਕਣ ਦੇ ਉਦੇਸ਼ ਨਾਲ ਮਾਸਕ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਅੱਜ ਇਕ ਵਿਸ਼ੇਸ਼ ਪੋਸਟਰ ਲਾਂਚ ਕੀਤਾ ਅਤੇ ਇਮਿਊਨੀਟੀ ਬੂਸਟਰ ਆਮਲਾ ਦੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ। ਇਸ ਮੁਹਿੰਮ ਦੀ ਸ਼ੁਰੂਆਤ ਸੇਵਾ ਸੰਕਲਪ ਸੁਸਾਇਟੀ ਦੇ ਮੀਤ ਪ੍ਰਧਾਨ ਐਡਵੋਕੇਟ ਹਰਪ੍ਰੀਤ ਸੰਧੂ ਨੇ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਡੀ.ਐਮ.ਸੀ. ਹਸਪਤਾਲ ਦੇ ਡਾ: ਬਿਸ਼ਵ ਮੋਹਨ ਅਤੇ ਡਾ. ਰਾਜੂ ਸਿੰਘ ਛੀਨਾ ਨਾਲ ਮੀਟਿੰਗ ਕਰਦਿਆਂ ਕੋਰੋਨਾ ਮਹਾਂਮਾਰੀ ਦੀ ਆਉਣ ਵਾਲੀ ਦੂਸਰੀ ਲਹਿਰ ਦਾ ਮੁਕਾਬਲਾ ਕਰਨ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਜੋ ਕਿ ਪਹਿਲਾਂ ਹੀ ਗੁਆਂਢੀ ਸੁਬਾ ਦਿੱਲੀ ਵਿਖੇ ਆਪਣੇ ਪੈਰ ਪਸਾਰ ਚੁੱਕੀ ਹੈ। ਇਸ ਮੌਕੇ ਐਸ.ਡੀ.ਐਮ. ਲੁਧਿਆਣਾ(ਪੱਛਮੀ) ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਐਸ.ਡੀ.ਐਮ ਲੁਧਿਆਣਾ(ਪੂਰਬੀ) ਡਾ. ਬਲਜਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ। ਸ੍ਰੀ ਸ਼ਰਮਾ ਨੇ ਅੱਗੇ ਕਿਹਾ ਕਿ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਨਿੱਜੀ ਹਸਪਤਾਲ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੱਬਾ ਭਾਰ ਹਨ, ਪਰ ਜੇਕਰ ਲੁਧਿਆਣਾ ਵਾਸੀ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਸਿਰਫ ਆਪਣਾ ਮਾਸਕ ਪਾ ਲੈਣ ਤਾਂ ਨਿਸਚੈ ਹੀ ਅਸੀਂ ਕੋਰੋਨਾ ਦੀ ਦੂਜੀ ਲਹਿਰ ‘ਤੇ ਕਾਬੂ ਪਾ ਲਵਾਂਗੇੇ। ਡਾ: ਬਿਸ਼ਵ ਮੋਹਨ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੀ ਆਮਦ ਨਿਸ਼ਚਤ ਹੈ ਪਰ ਅਸੀਂ ਜਨਤਾ ਦੇ ਸਹਿਯੋਗ ਨਾਲ ਹੀ ਇਸ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਲੁਧਿਆਣਾ ਦੇ ਲੋਕਾਂ ਨੇ ਪਹਿਲੀ ਲਹਿਰ ਨੂੰ ਕਾਬੂ ਕਰਨ ਲਈ ਸਹਿਯੋਗ ਕੀਤਾ ਸੀ, ਇਸੇ ਤਰ੍ਹਾਂ ਜੇ ਉਹ ਕੇਵਲ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹਨ ਤਾਂ ਦੂਜੀ ਲਹਿਰ ‘ਤੇ ਅਸਾਨੀ ਨਾਲ ਫਤਿਹ ਪਾ ਲਵਾਂਗੇ। ਉਨ੍ਹਾਂ ਕਿਹਾ ਕਿ ਮਾਸਕ ਇਕਲੌਤੀ ਵੈਕਸੀਨ ਹੈ ਜਿਸ ਨਾਲ ਕੋਵਿਡ-19 ਦੀ ਦੂਜੀ ਲਹਿਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਵਿੱਥ ਅਤੇ ਹੱਥਾਂ ਦੀ ਸਫਾਈ ਰੱਖਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਵੀ ਕਿਸਮ ਦੇ ਲੱਛਣ ਆਉਣ ‘ਤੇ ਆਪਣੀ ਸਵੈ-ਇੱਛਾ ਨਾਲ ਕੋਵਿਡ-19 ਦਾ ਟੈਸਟ ਕਰਵਾਉਣ ਤਾਂ ਜੋ ਆਪਣਾ ਤੇ ਆਪਣਿਆ ਦਾ ਬਚਾਅ ਕਰ ਸਕਣ। ਡਾ: ਰਾਜੂ ਛੀਨਾ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕੋਵਿਡ-19 ਦੇ ਪੋਜ਼ਟਿਵ ਮਰੀਜ਼ਾਂ ਦੇ ਮਾਸਕ ਤਿੰਨ ਤੋਂ ਪੰਜ ਦਿਨਾਂ ਬਾਅਦ ਪਾੜ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ ਕਿਉਂਕਿ ਵਾਇਰਸ ਕੁਝ ਦਿਨਾਂ ਲਈ ਕਿਰਿਆਸ਼ੀਲ ਰਹਿੰਦਾ ਹੈ।   ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਸ਼ਹਿਰ ਵਿੱਚ ਆਮਲੇ ਦੇ 551 ਪੌਦੇ ਲਗਾਵੇਗੀ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਾਮੀ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ।

About Author

Leave A Reply

WP2Social Auto Publish Powered By : XYZScripts.com