Friday, May 9

ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ – ਸੁਖਬਿੰਦਰ ਸਿੰਘ ਸਰਕਾਰੀਆ

  • ਹਲਕਾ ਦਾਖਾ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਵਾਇਆ ਜਾਵੇਗਾ
  • ਕੈਪਟਨ ਸੰਦੀਪ ਸਿੰਘ ਸੰਧੂ -ਪਿੰਡ ਸਰਾਭਾ ਵਿਖੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ
  • ਪਿੰਡ ਦੀ ਕਲੱਬ ਨੂੰ 5 ਲੱਖ ਰੁਪਏ ਗਰਾਂਟ ਜਾਰੀ ਕਰਨ ਦਾ ਵੀ ਕੀਤਾ ਐਲਾਨ

ਸਰਾਭਾ/ਲੁਧਿਆਣਾ, (ਸੰਜੇ ਮਿੰਕਾ)- ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ, ਜਲ ਸਰੋਤ, ਮਾਈਨਿੰਗ ਤੇ ਜੀਓਲੌਜੀ, ਮੰਤਰੀ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਨੂੰ ਹਰ ਸਹੂਲਤ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਇਹ ਗੱਲ ਅੱਜ ਉਨ੍ਹਾਂ ਪਿੰਡ ਸਰਾਭਾ ਦੇ ਖੇਡ ਸਟੇਡੀਅਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਦੀ ਕਲੱਬ ਨੂੰ 5 ਲੱਖ ਰੁਪਏ ਗਰਾਂਟ ਜਾਰੀ ਕਰਨ ਦਾ ਵੀ ਐਲਾਨ ਕੀਤਾ।
ਸ੍ਰੀ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸੁਪਨਿਆਂ ਮੁਤਾਬਿਕ ਦੇਸ਼ ਅਤੇ ਸਮਾਜ ਸਿਰਜਣ ਵਾਲੇ ਪਾਸੇ ਲੱਗੀ ਹੋਈ ਹੈ। ਜਿਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੂਰਨ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸ਼ਹੀਦਾਂ ਨਾਲ ਜੁੜੀਆਂ ਸਾਰੀਆਂ ਥਾਵਾਂ ਨੂੰ ਵਧੀਆ ਤਰੀਕੇ ਨਾਲ ਵਿਕਸਤ ਅਤੇ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਅਗਸਤ, 2018 ਨੂੰ ਰਾਜ ਪੱਧਰੀ ਅਜ਼ਾਦੀ ਦਿਹਾੜਾ ਸਮਾਰੋਹ ਮੌਕੇ ਪਿੰਡ ਸਰਾਭਾ ਦੇ ਵਿਕਾਸ ਲਈ 1.25 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀ ਲਾਸਾਨੀ ਸ਼ਹੀਦੀ ਕਰਕੇ ਹੀ ਅੱਜ ਅਸੀਂ ਆਜ਼ਾਦ ਦੇਸ਼ ਦੀਆਂ ਆਜ਼ਾਦ ਹਵਾਵਾਂ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਵੀ ਲਿਖਣਗੇ। ਸਮਾਗਮ ਨੂੰ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਵੀ ਸੰਬੋਧਨ ਕਰਦਿਆਂ ਸ਼ਹੀਦ ਕਰਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੰਘਰਸ਼ਮਈ ਜੀਵਨ ਬਾਰੇ ਬਾਖੂਬੀ ਚਾਨਣਾ ਪਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਤੋਂ ਵੀ ਉੱਪਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਰਾਜ ਪੱਧਰੀ ਸਮਾਗਮ ਆਯੋਜਨ ਕਰ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਕਈ ਦੇਸ਼ ਭਗਤਾਂ ਨੇ ਸ਼ਹੀਦੀ ਦੇ ਜਾਮ ਪੀਤੇ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੀ ਉਮਰ ਵਿੱਚ ਸ਼ਹੀਦੀ ਪਾਉਣ ਦਾ ਮਾਣ ਕਰਤਾਰ ਸਿੰਘ ਸਰਾਭਾ ਨੂੰ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕਾ ਦਾਖਾ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਸਰਕਾਰੀਆ, ਕੈਪਟਨ ਸੰਧੂ ਸਮੇਤ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਸ਼ਹੀਦ ਦੇ ਬੁੱਤ, ਸਮਾਰਕ ਅਤੇ ਜੱਦੀ ਘਰ ਵਿਖੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਉਨ੍ਹਾਂ ਖੇਡ ਮੇਲੇ ਦੌਰਾਨ ਫੁੱਟਬਾਲ ਫਾਈਨਲ ਮੁਕਾਬਲੇ ਦੀ ਜੇਤੂ ਰਹੀਆਂ ਟੀਮਾਂ ਅਜੀਤਵਾਲ ਅਤੇ ਉੱਪ ਜੇਤੂ ਪਿੰਡ ਮਿਆਣਾ ਦੀਆਂ ਟੀਮਾਂ ਨੂੰ ਇਨਾਮਾਂ ਦੀ ਵੀ ਵੰਡ ਕੀਤੀ। ਇਸ ਮੌਕੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ.ਬਾਵਾ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੇਡਾ ਦੇ ਵਾਈਸ ਚੇਅਰਮੈਨ ਸ੍ਰੀ ਕਰਨ ਵੜਿੰਗ, ਸੀਨੀਅਰ ਕਾਂਗਰਸੀ ਆਗੂ ਸ੍ਰੀ ਮੇਜਰ ਸਿੰਘ ਭੈਣੀ, ਐਸ.ਡੀ.ਐਮ. ਡਾ ਬਲਜਿੰਦਰ ਸਿੰਘ ਢਿੱਲੋਂ, ਸ੍ਰੀ ਕੁਲਦੀਪ ਸਿੰਘ ਕਲੱਬ ਦੇ ਪ੍ਰਧਾਨ, ਸ੍ਰੀ ਮਨਜੀਤ ਸਿੰਘ ਭਰੋਵਾਲ, ਸ੍ਰੀ ਤੇਲੂ ਰਾਮ ਬਾਂਸਲ, ਸ੍ਰੀ ਕਿਕੀ ਖੰਗੂੜਾ, ਸ੍ਰੀ ਕਾਕਾ ਗਰੇਵਾਲ, ਸ੍ਰੀ ਦਵਿੰਦਰ ਸਿੰਘ ਗਰੇਵਾਲ, ਸ੍ਰੀ ਹਰਨੇਕ ਸਿੰਘ ਸਰਾਭਾ ਤੋਂ ਇਲਾਵਾ ਕਈ ਹੋਰ ਸ਼ਾਮਲ ਸਨ।

About Author

Leave A Reply

WP2Social Auto Publish Powered By : XYZScripts.com