- ਕਿਸਾਨ ਨੂੰ ਵਾਤਾਵਰਨ ਦੀ ਸੰਭਾਲ ਕਰਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤਾ ਗਿਆ ਹੈ ਸਨਮਾਨਿਤ
ਲੁਧਿਆਣਾ, (ਸੰਜੇ ਮਿੰਕਾ) – ਕਿਸਾਨ ਅਵਤਾਰ ਪਿੰਡ ਧਮੋਟ ਬਲਾਕ ਦੋਰਾਹਾ ਜਿਲ੍ਹਾ ਲੁਧਿਆਣਾ ਦਾ ਇੱਕ ਅਗਾਂਹਵਧੂ ਕਿਸਾਨ ਹੈ, ਜੋ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਬਲਾਕ ਦੋਰਾਹਾ ਦੀ ਪ੍ਰੇਰਨਾ ਸਦਕਾ ਵੱਖ-ਵੱਖ ਤਕਨੀਕਾਂ ਅਪਣਾ ਕੇ ਖੇਤੀ ਕਰ ਰਿਹਾ ਹੈ ਅਤੇ ਦੂਸਰੇ ਕਿਸਾਨਾਂ ਲਈ ਵੀ ਪ੍ਰੇਰਣਾ ਸ੍ਰੋਤ ਹੈ। ਇਹ ਕਿਸਾਨ ਵਿਭਾਗ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਵਿਭਾਗ ਦੀ ਹਰ ਗਤੀਵਿਧੀ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਕਿਸਾਨ ਅਵਤਾਰ ਸਿੰਘ ਲਗਭਗ 20 ਏਕੜ ਦੀ ਖੇਤੀ ਕਰਦਾ ਹੈ, ਜਿਸ ਵਿੱਚ 12 ਕੁ ਏਕੜ ਉਸਦੀ ਮਾਲਕੀ ਹੈ ਅਤੇ ਬਾਕੀ 8 ਕੁ ਏਕੜ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। ਵਾਤਾਵਰਣ ਪੱਖੀ ਕਿਸਾਨ ਅਵਤਾਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਵਾਹ ਰਿਹਾ ਹੈ ਅਤੇ ਪਰਾਲੀ ਨੂੰ ਨਾ ਸਾੜ ਕੇ ਵਾਤਾਵਰਨ ਦੀ ਸੰਭਾਲ ਨੂੰ ਆਪਣੀ ਨੈਤਿਕ ਜਿੰਮੇਦਾਰੀ ਸਮਝਦਾ ਹੈ। ਕਿਸਾਨ ਨੂੰ ਵਾਤਾਵਰਨ ਦੀ ਸੰਭਾਲ ਕਰਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਬਲਾਕ ਦੋਰਾਹਾ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉਸਨੇ ਅੱਗੇ ਦੱਸਿਆ ਕਿ ਉਹ ਸ਼ੁਰੂ ਤੋਂ ਤਵੀਆ ਨਾਲ ਝੋਨੇ ਦੀ ਨਾੜ ਨੂੰ ਖੇਤਾਂ ਵਿਚ ਵਾਹ ਕੇ ਰੌਣੀ ਕਰਨ ਉਪਰੰਤ ਕਣਕ ਦੀ ਬਿਜਾਈ ਕਰਦਾ ਹੈ ਅਤੇ ਪਰਾਲੀ ਨੂੰ ਜਮੀਨ ਵਿੱਚ ਹੀ ਵਾਹੁਣ ਉਪਰੰਤ ਜਿੱਥੇ ਕਣਕ ਦਾ ਝਾੜ 20-24 ਕੁਵਿੰਟਲ ਪ੍ਰਾਪਤ ਕਰ ਰਿਹਾ ਹੈ ਉਥੇ ਹੀ ਉਤਪਾਦਨ ਖਰਚੇ ਵਿਚ ਕਮੀ ਆਉਣ ਨਾਲ ਉਸਦਾ ਫਸਲੀ ਮੁਨਾਫਾ ਵੀ ਹੋਇਆ ਹੈ।
ਅਗਾਂਹਵਧੂ ਕਿਸਾਨ ਨੇ ਅੱਗੇ ਦੱਸਿਆ ਕਿ ਉਹ ਫ਼ਸਲਾਂ ਤੇ ਹੋਣ ਵਾਲੀਆਂ ਸਪਰੇਅ, ਰਸਾਇਣਿਕ ਖਾਦਾਂ ਦੇ ਖਰਚੇ ਸਬੰਧੀ ਹਮੇਸ਼ਾਂ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕਰਦਾ ਹੈ ਅਤੇ ਸਾਥੀ ਕਿਸਾਨਾਂ ਨੂੰ ਵੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਾ ਹੈ। ਇਸ ਸਾਲ ਕਿਸਾਨ ਨੇ ਤਕਰੀਬਨ ਆਪਣੇ 12 ਏਕੜ ਵਿੱਚ ਅਤੇ ਆਸ-ਪਾਸ ਦੇ ਇਲਾਕੇ ਵਿੱਚ 100 ਏਕੜ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ। ਪਿਛਲੇ ਸਾਲ ਖੇਤੀਬਾੜੀ ਵਿਭਾਗ ਦੀ ਆਤਮਾ ਸਕੀਮ ਤਹਿਤ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਤੇ ਸਹਿਯੋਗ ਨਾਲ 2 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਜਿਸਦਾ ਝਾੜ ਤਕਰੀਬਨ 25 ਕੁਇੰਟਲ ਪ੍ਰਤੀ ਏਕੜ ਆਇਆ ਹੈ। ਕਿਸਾਨ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਲੇਬਰ ਦਾ ਖਰਚਾ ਘੱਟ ਹੋਣ, ਪਾਣੀ ਦੀ ਬਚਤ, ਬਿਜਲੀ ਦੀ ਬਚਤ ਹੋਣ ਨਾਲ ਉਸਦਾ ਕਾਫੀ ਮੁਨਾਫਾ ਹੋਇਆ ਹੈ। ਇਸ ਲਈ ਉਸਨੇ ਇਸ ਸਾਲ ਵੀ ਤਕਰੀਬਨ 12 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਫੈਸਲਾ ਕੀਤਾ ਅਤੇ ਆਸ-ਪਾਸ ਦੇ ਕਿਸਾਨਾਂ ਦੇ 100 ਏਕੜ ਰਕਬੇ ਵਿੱਚ ਆਪਣੀ ਮਸ਼ੀਨ ਨਾਲ ਸਿੱਧੀ ਬਿਜਾਈ ਕਰਵਾਈ। ਕਿਸਾਨ ਅਵਤਾਰ ਸਿੰਘ ਝੋਨੇ-ਕਣਕ ਜਿਹੀਆਂ ਰਵਾਇਤੀ ਫਸਲਾਂ ਬੀਜਣ ਤੋਂ ਇਲਾਵਾ ਸਬਜੀਆਂ, ਮੱਕੀ, ਗੰਨਾ, ਹਲਦੀ, ਨਰਮਾ ਆਦਿ ਦੀ ਕਾਸ਼ਤ ਵੀ ਕਰਦਾ ਹੈ ਅਤੇ ਖੁਦ ਹੀ ਮਾਰਕੀਟਿੰਗ ਵੀ ਕਰਦਾ ਹੈ। ਇਸ ਤੋਂ ਇਲਾਵਾ ਕਿਸਾਨ ਨੇ ਤਕਰੀਬਨ 2 ਏਕੜ ਵਿੱਚ ਨਿੰਬੂਆਂ ਦਾ ਬਾਗ ਲਗਾਇਆ ਹੋਇਆ ਹੈ, ਜਿਸ ‘ਤੇ ਕਿਸੇ ਵੀ ਤਰ੍ਹਾਂ ਦੀ ਸਪਰੇਅ ਨਹੀਂ ਕੀਤੀ ਗਈ। ਉਸਨੇ ਦੱਸਿਆ ਕਿ ਇਸ ਸਾਲ ਆਤਮਾ ਸਕੀਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਦੋਰਾਹਾ ਵੱਲੋਂ ਅੱਧਾ ਏਕੜ ਰਕਬੇ ਵਿਚ ਨਰਮੇ ਦੀ ਕਾਸ਼ਤ ਕਰਵਾਈ ਗਈ ਜੋ ਕਿ ਉਸਨੇ ਸਫ਼ਲ ਕਰਕੇ ਵਿਖਾਈ। ਇਸ ਪ੍ਰਦਰਸ਼ਨੀ ਦਾ ਦੌਰਾ ਸਮੇਂ-ਸਮੇਂ ਤੇ ਖੇਤੀਬਾੜੀ ਮਾਹਿਰਾਂ ਵੱਲੋਂ ਕੀਤਾ ਗਿਆ ਅਤੇ ਖੇਤੀਬਾੜੀ ਅਫ਼ਸਰ, ਦੋਰਾਹਾ ਡਾ.ਦਿਲਬਾਗ ਸਿੰਘ ਵੱਲੋਂ ਕਿਸਾਨ ਦੀ ਇਸ ਅਣਥੱਕ ਮਿਹਨਤ ਲਈ ਸਰਾਹਿਆ ਗਿਆ। ਕਿਸਾਨ ਅਵਤਾਰ ਸਿੰਘ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਧੰਦੇ ਨੂੰ ਵੀ ਤਰਜੀਹ ਦਿੰਦਾ ਹੈ ਅਤੇ ਉਸਨੇ 20-25 ਪਸ਼ੂ ਵੀ ਰੱਖੇ ਹੋਏ ਹਨ ਜਿਸ ਤੋਂ ਉਹ ਆਪਣੇ ਅਤੇ ਆਸ-ਪਾਸ ਦੇ ਲੋਕਾਂ ਦੀ ਦੁੱਧ ਦੀ ਪੂਰਤੀ ਕਰਦਾ ਹੈ। ਖੇਤੀਬਾੜੀ ਦੇ ਨਾਲ-ਨਾਲ ਉਹ ਇਸ ਧੰਦੇ ਤੋਂ ਵੀ ਮੁਨਾਫਾ ਕਮਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਹ ਪਸ਼ੂਆਂ ਦੀ ਫੀਡ, ਟੀਕਾਕਰਨ ਆਦਿ ਉੱਤੇ ਹੋਣ ਵਾਲੇ ਖਰਚੇ ਲਈ ਪਸ਼ੂ ਪਾਲਣ ਮਹਿਕਮੇ ਦੀ ਸਲਾਹ ਲੈਂਦਾ ਹੈ। ਕਿਸਾਨ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਨਰੇਗਾ ਸਕੀਮ ਤਹਿਤ ਪਾਣੀ ਦੀ ਸੰਭਾਲ ਲਈ ਅਤੇ ਦੁਰਵਰਤੋਂ ਨੂੰ ਰੋਕਣ ਲਈ ਵਿਅਕਤੀਗਤ ਲਾਭ ਲੈਂਦਿਆ ਬਾਰਿਸ਼ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਉਸਨੂੰ ਜਮੀਨ ਵਿੱਚ ਹੀ ਰਿਚਾਰਜ ਕਰਨ ਲਈ ਪਿੱਟ ਬਣਵਾਈ ਹੋਈ ਹੈ। ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਪਿੱਟ ਬਹੁਤ ਵਧੀਆ ਕੰਮ ਕਰ ਰਹੀ ਹੈ, ਕਿਉਕਿ ਜੋ ਪਾਣੀ ਪਹਿਲਾਂ ਨਾਲੀਆਂ ਵਿੱਚ ਜਾ ਕੇ ਬਰਬਾਦ ਹੋ ਜਾਂਦਾ ਸੀ, ਹੁਣ ਓਹੀ ਮੀਂਹ ਦਾ ਪਾਣੀ ਛੱਤਾਂ ਤੋਂ ਸਿੱਧਾ ਰਿਚਾਰਜ ਪਿੱਟ ਵਿੱਚ ਜਾਦਾ ਹੈ। ਕਿਸਾਨ ਨੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਵੀ ਵਾਟਰ ਰਿਚਾਰਜ ਪਿੱਟ ਬਣਵਾਉਣ ਤਾਂ ਜੋ ਲੋਕ ਬਾਰਿਸ਼ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਅਤੇ ਦਿਨੋ ਦਿਨ ਪਾਣੀ ਦੇ ਗਿਰਦੇ ਪੱਧਰ ਨੂੰ ਉੱਪਰ ਚੁਕਿਆ ਜਾ ਸਕੇ।