- ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਕੀਤਾ ਗਿਆ ਸਨਮਾਨਿਤ
ਲੁਧਿਆਣਾ, (ਸੰਜੇ ਮਿੰਕਾ) – ਕੋਵਿਡ-19 ਦੀ ਮਹਾਂਮਾਰੀ ਦੌਰਾਨ ਫਰੰਟਲਾਈਨ ਤੇ ਖੜੇ ਪੁਲਿਸ ਯੋਧਿਆਂ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਉਨੀ ਹੀ ਘੱਟ ਹੈ। ਇਸਦੀ ਇੱਕ ਉਦਾਹਰਣ ਸਬ-ਇੰਸਪੈਕਟਰ ਸ਼੍ਰੀ ਹਰਜੀਤ ਸਿੰਘ ਹਨ, ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣ ਲਈ ਪੂਰੀ ਵਾਹ ਲਾ ਦਿੱਤੀ। ਇਹ ਵਿਚਾਰ ਸ਼੍ਰੀ ਹਰਜੀਤ ਸਿੰਘ ਨੂੰ ਉਹਨਾਂ ਦੀ ਬਹਾਦਰੀ ਲਈ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ ਕਰਦੇ ਹੋਏ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਪ੍ਰਗਟ ਕੀਤੇ।
ਸ.ਬਿੰਦਰਾ ਨੇ ਕਿਹਾ ਕਿ ਪੰਜਾਬ ਯੁਵਕ ਵਿਕਾਸ ਬੋਰਡ ਹਮੇਸ਼ਾ ਬਹਾਦਰ ਮੁਲਾਜ਼ਮਾਂ ਅਤੇ ਅਫ਼ਸਰਾਂ ਨਾਲ, ਜੋ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ, ਦੀ ਹਮੇਸ਼ਾ ਹੌਸਲਾ ਅਫ਼ਜਾਈ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਹਨਾਂ ਪੁਲਿਸ ਮੁਲਾਜਮਾਂ ਕਰਕੇ ਹੀ ਪੂਰੇ ਪੰਜਾਬ ਦੇ ਲੋਕ ਚੈਨ ਦੀ ਨੀਂਦ ਸੌਂਦੇ ਹਨ। ਇਸ ਲਈ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਯੋਧਿਆਂ ਦੀ ਹਮੇਸ਼ਾਂ ਅੱਗੇ ਵੱਧ ਕੇ ਇਹਨਾਂ ਦੀ ਡਿਊਟੀ ਦਾ ਸਤਿਕਾਰ ਕਰੀਏ।
ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਸਬ-ਇੰਨਸਪੈਕਟਰ ਸ਼੍ਰੀ ਹਰਜੀਤ ਸਿੰਘ ਨੂੰ ਪ੍ਰਸ਼ੰਸ਼ਾ ਪੱਤਰ ਦਿੰਦਿਆਂ ਮਾਣ ਮਹਿਸੂਸ ਕੀਤਾ ਅਤੇ ਕਿਹਾ ਕਿ ਪੰਜਾਬ ਯੁਵਕ ਵਿਕਾਸ ਬੋਰਡ ਮਾਨਯੋਗ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਸੂਬੇ ਦੇ ਨੌਜਵਾਨਾਂ ਅਤੇ ਵਸਨੀਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।