- ਪਰਾਲੀ ਨੂੰ ਨਾ ਸਾੜ ਕੇ ਵਾਤਾਵਰਨ ਦੀ ਸੰਭਾਲ ਵਿਚ ਯੋਗਦਾਨ ਪਾਇਆ, ਉਤਪਾਦਨ ਖਰਚੇ ਵਿਚ ਕਮੀ ਆਉਣ ਨਾਲ ਮੁਨਾਫਾ ਵੀ ਵਧਿਆ
ਲੁਧਿਆਣਾ, (ਸੰਜੇ ਮਿੰਕਾ) – ਕਿਸਾਨ ਗੁਰਮੀਤ ਸਿੰਘ ਪਿੰਡ ਮਕਸੂਦੜਾ ਬਲਾਕ ਦੋਰਾਹਾ ਜਿਲਾ ਲੁਧਿਆਣਾ ਦਾ ਇੱਕ ਅਗਾਂਹਵਧੂ ਕਿਸਾਨ ਹੈ, ਜੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੇਰਨਾ ਸਦਕਾ ਪਿਛਲੇ ਕਈ ਸਾਲਾ ਤੋਂ ਵੱਖ-ਵੱਖ ਤਕਨੀਕਾਂ ਅਪਣਾ ਕੇ ਖੇਤੀ ਕਰ ਰਿਹਾ ਹੈ। ਇਹ ਕਿਸਾਨ ਤਕਰੀਬਨ 28 ਏਕੜ ਰਕਬੇ ਵਿਚ ਖੇਤੀ ਕਰ ਰਿਹਾ ਹੈ ਜਿਸ ਵਿਚੋਂ ਕਿਸਾਨ ਕੋਲ ਤਕਰੀਬਨ 20 ਏਕੜ ਠੇਕੇ ਤੇ ਹਨ।
ਕਿਸਾਨ ਗੁਰਮੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ ਪਿਛਲੇ 7 ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਵਾਹ ਰਿਹਾ ਹੈ ਅਤੇ ਪਰਾਲੀ ਨੂੰ ਨਾ ਸਾੜ ਕੇ ਜਿਥੇ ਵਾਤਾਵਰਨ ਦੀ ਸੰਭਾਲ ਵਿਚ ਯੋਗਦਾਨ ਪਾਇਆ ਹੈ, ਉਥੇ ਹੀ ਉਤਪਾਦਨ ਖਰਚੇ ਵਿਚ ਕਮੀ ਆਉਣ ਨਾਲ ਉਸਦਾ ਫਸਲੀ ਮੁਨਾਫਾ ਵੀ ਵਧਿਆ ਹੈ।
ਵਾਤਾਵਰਣ ਪ੍ਰੇਮੀ ਕਿਸਾਨ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਹ ਤਵੀਆਂ ਨਾਲ ਝੋਨੇ ਦੀ ਨਾੜ ਨੂੰ ਖੇਤਾਂ ਵਿਚ ਵਾਹ ਕੇ ਰੌਣੀ ਕਰਨ ਉਪਰੰਤ ਕਣਕ ਦੀ ਬਿਜਾਈ ਕਰਦਾ ਸੀ, ਪਰ ਹੁਣ ਉਹ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਰਿਹਾ ਹੈੈ ਅਤੇ ਇਸ ਤਕਨੀਕ ਤੋਂ ਕਾਫੀ ਸੰਤੁਸ਼ਟ ਵੀ ਹੈ। ਕਿਸਾਨ ਨੇ ਅੱਗੇ ਦੱਸਿਆ ਕਿ ਜਿਥੇ ਉਸਦੀ ਕਣਕ ਦਾ ਝਾੜ 20-24 ਕੁਵਿੰਟਲ ਆ ਰਿਹਾ ਹੈ। ਕਿਸਾਨ ਨੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਨਾੜ ਨੂੰ ਬਿਨ੍ਹਾਂ ਸਾੜੇ ਖੇਤ ਵਿਚ ਵਾਹੁਣ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋਇਆ ਹੈ ਉਥੇ ਹੀ ਖਾਦਾਂ ਦੀ ਵਰਤੋਂ ਵਿਚ ਕਮੀ ਆਈ ਹੈ। ਉਹ ਹੁਣ ਬੇਲੋੜੇ ਜਹਿਰਾ ਦੇ ਉਪਯੋਗ ਤੋਂ ਵੀ ਪ੍ਰਹੇਜ਼ ਕਰਦਾ ਹੈ। ਉਸਨੇ ਦੱਸਿਆ ਕਿ ਕਿਸੇ ਵੀ ਖੇਤੀ ਸਬੰਧੀ ਬਿਮਾਰੀ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਦੋਰਾਹਾ ਦੇ ਅਧਿਕਾਰੀਆਂ ਨਾਲ ਸਲਾਹ ਉਪਰੰਤ ਹੀ ਜਹਿਰਾਂ/ਰਸਾਇਣਾਂ ਦਾ ਇਸਤੇਮਾਲ ਕਰਦਾ ਹੈ।
ਕਿਸਾਨ ਗੁਰਮੀਤ ਸਿੰਘ ਸਹਿਕਰੀ ਸਭਾ, ਮਕਸੂਦੜਾ ਦਾ ਪ੍ਰਧਾਨ ਵੀ ਹੈ ਅਤੇ ਸਹਿਕਰੀ ਸਭਾ ਨੇ ਇਸ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸੁਪਰ ਸੀਡਰ ਦੀ ਸਬਸਿਡੀ ‘ਤੇ ਖਰੀਦ ਕੀਤੀ ਹੈ। ਕਿਸਾਨ ਨੇ ਦੱਸਿਆ ਕਿ ਉਹ ਇਸ ਸਾਲ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰੇਗਾ।
ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਰਵਾਇਤੀ ਖੇਤੀ ਕਣਕ ਝੋਨੇ ਤੋਂ ਇਲਾਵਾ ਸਬਜੀਆਂ, ਮੱਕੀ, ਗੰਨਾ ਆਦਿ ਫਸਲਾਂ ਦੀ ਖੇਤੀ ਵੀ ਕਰਦਾ ਹੈ। ਕਿਸਾਨ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਯੋਗ ਰਹਿਨੁਮਾਈ ਅਤੇ ਉਸਦੀ ਅਣਥੱਕ ਮਿਹਨਤ ਸਦਕਾ ਨਰਮੇ ਦੀ ਸਫਲ ਕਾਸ਼ਤ ਕਰਕੇ ਵਿਖਾਈ ਹੈ। ਕਿਸਾਨ ਦੇ ਇਸ ਉਪਰਾਲੇ ਦੀ ਜਿਥੇ ਵਿਭਾਗੀ ਅਧਿਕਾਰੀਆਂ ਵੱਲੋਂ ਸ਼ਲਾਘਾ ਕੀਤੀ ਗਈ ਹੈ ਉਥੇ ਹੀ ਪਿੰਡ ਦੇ ਕਿਸਾਨ ਇਸ ਉਪਰਾਲੇ ਤੋਂ ਕਾਫੀ ਖੁਸ਼ ਹਨ।
ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਨੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਧੰਦੇ ਨੂੰ ਵੀ ਅਪਣਾਇਆ ਹੈ, ਜਿਸਦੇ ਤਹਿਤ ਉਹ ਰੋਜ਼ਾਨਾ 25-30 ਲੀਟਰ ਦੁੱਧ ਵੇਰਕਾ ਸਹਿਕਾਰੀ ਸੁਸਾਇਟੀ ਵਿਚ ਪਾਉਂਦਾ ਹੈ ਅਤੇ ਵਧੀਆ ਮੁਨਾਫਾ ਕਮਾ ਰਿਹਾ ਹੈ।