Friday, May 9

ਖੇਤੀਬਾੜੀ ਨਾਲ ਮੁੱਢ-ਕਦੀਮੀ ਜੁੜਿਆ ਹੈ ਕਿਸਾਨ ਜਸਵਿੰਦਰ ਸਿੰਘ

  • ਸਮੇਂ ਦਾ ਹਾਣੀ ਬਣ ਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਨਾਲ ਬੁਲੰਦੀਆਂ ਤੇ ਪਹੁੰਚਾਇਆ ਆਪਣੀ ਖੇਤੀ ਨੂੰ
  • ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਕਦੇ ਵੀ ਨਹੀਂ ਲਾਈ ਅੱਗ
  • ਕਰੋਨਾ ਮਹਾਂਮਾਰੀ ਦੇ ਚਲਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਝੋਨੇ ਦੀ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਲੁਧਿਆਣਾ ਦੇ ਬਲਾਕ ਡੇਹਲੋਂ ਅਧੀਨ ਪੈਂਦੇ ਪਿੰਡ ਨੰਗਲ ਦਾ ਵਸਨੀਕ ਜਸਵਿੰਦਰ ਸਿੰਘ ਇੱਕ ਅਗਾਂਹਵਧੂ ਕਿਸਾਨ ਹੈ। ਜਸਵਿੰਦਰ ਸਿੰਘ ਖੇਤੀਬਾੜੀ ਨਾਲ ਮੁੱਢ-ਕਦੀਮੀ ਜੁੜਿਆ ਹੋਇਆ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲੰਮੇ ਸਮੇਂ ਤੋਂ ਰਾਬਤਾ ਰੱਖਿਆ ਹੈ। ਬੇਸ਼ੱਕ ਜਸਵਿੰਦਰ ਸਿੰਘ ਨੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ ਹੈ ਪਰੰਤੂ ਉਸਨੇ ਸਮੇਂ ਦੇ ਨਾਲ ਹਾਣੀ ਬਣ ਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਇਆ ਅਤੇ ਆਪਣੀ ਖੇਤੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ। ਵਾਤਾਵਰਣ ਪੱਖੀ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਆਪਣੀ 8 ਏਕੜ ਜ਼ਮੀਨ ਹੈ ਅਤੇ 38 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। ਇਸ ਕਿਸਾਨ ਨੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੈ ਅਤੇ ਕਣਕ ਝੋਨੇ ਜਿਹੀਆਂ ਰਵਾਇਤੀ ਫਸਲਾਂ ਤੋਂ ਬਿਨਾਂ ਸਰੋਂ, ਛੋਲੇ, ਮੂੰਗੀ, ਮੱਕੀ ਅਤੇ ਆਲੂ ਦੀ ਫਸਲ ਦੀ ਵੀ ਖੇਤੀ ਕਰਦਾ ਹੈ। ਕਿਸਾਨ ਨੇ ਅੱਗੇ ਦੱਸਿਆ ਕਿ ਉਸਨੇ ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅਤੇ ਕਣਕ ਦੇ ਨਾੜ ਨੂੰ ਕਦੇ ਵੀ ਅੱਗ ਨਹੀਂ ਲਗਾਈ। ਕਿਸਾਨ ਜਸਵਿੰਦਰ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਕਸਟਮ ਹਾਇਰਿੰਗ ‘ਯੰਗ ਫਾਰਮਰਜ਼ ਗਰੁੱਪ’ ਬਣਾ ਕੇ ਉਲਟਾਵੇ ਹਲ, ਹੈਪੀ ਸੀਡਰ, ਪੈਡੀ ਟਰਾਂਸਪਲਾਟਰ ਜਿਹੀਆਂ ਮਸ਼ੀਨਾਂ ਦੀ ਖਰੀਦ ਕਰਕੇ, ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਪਿਛਲੇ 4 ਸਾਲਾਂ ਤੋਂ ਪਰਾਲੀ ਨੂੰ ਸੰਭਾਲ ਰਿਹਾ ਹੈ। ਉਸਨੇ ਦੱਸਿਆ ਕਿ ਕਸਟਮ ਹਾਇਰਿੰਗ ਸੈਂਟਰ ‘ਯੰਗ ਫਾਰਮਰਜ਼ ਗਰੁੱਪ’ ਅਧੀਨ ਪਿਛਲੇ ਸਾਲ 150 ਏਕੜ ਦਾ ਰਕਬਾ ਕਵਰ ਕੀਤਾ ਹੈ। ਅਗਾਂਹਵਧੂ ਕਿਸਾਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਤਜਰਬੇ ਦੀ ਘਾਟ ਕਾਰਨ ਉਸਨੂੰ ਪਰਾਲੀ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਸ ਨੇ ਹਿੰਮਤ ਨਹੀ ਹਾਰੀ ਅਤੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਹੀ ਵਾਹ ਕੇ ਹਾੜੀ ਦੀਆਂ ਫਸਲਾਂ ਦਾ ਵਧੀਆ ਝਾੜ ਪ੍ਰਾਪਤ ਕੀਤਾ। ਕਿਸਾਨ ਅਨਾਜ ਫਸਲਾਂ ਤੋਂ ਇਲਾਵਾ ਪੀ.ਏ.ਯੂ ਲੁਧਿਆਣਾ ਵੱਲੋਂ ਵਿਕਸਿਤ ਕੀਤੇ ਫੱਲਦਾਰ ਬੂਟੇ ਵੀ ਲਗਾਉਦਾ ਹੈ ਅਤੇ ਘਰੇਲੂ ਜਰੂਰਤਾਂ ਨੂੰ ਪੂਰਾ ਕਰਨ ਲਈ ਸਬਜ਼ੀਆ ਵੀ ਉਗਾਉਦਾ ਹੈ। ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਇਹ ਕਿਸਾਨ ਆਪਣੇ ਸਾਥੀ ਕਿਸਾਨਾਂ ਨੂੰ ਅਤੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਫਸਲੀ ਵਿਭਿੰਨਤਾ ਦੇ ਚੰਗੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਾ ਹੈ। ਕਰੋਨਾ ਮਹਾਂਮਾਰੀ ਦੇ ਚਲਦਿਆਂ ਅਤੇ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਨੂੰ ਮੱਦੇਨਜ਼ਰ ਰੱਖਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕਰਦਾ ਹੈ। ਆਪਣੀ ਅਗਾਂਹਵਧੂ ਸੋਚ ਅਤੇ ਵਾਤਾਵਰਣ ਪ੍ਰਤੀ ਸਕਰਾਤਮਿਕ ਸੋਚ ਕਾਰਨ ਕਿਸਾਨ ਜਸਵਿੰਦਰ ਸਿੰਘ ਇਲਾਕੇ ਦੇ ਹੋਰ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ।

About Author

Leave A Reply

WP2Social Auto Publish Powered By : XYZScripts.com