- ਝੋਨੇ ਦੀ ਪਰਾਲੀ ਹਮੇਸ਼ਾਂ ਜਮੀਨ ਵਿੱਚ ਵਾਹਕੇ ਵਧਾਈ ਉਪਜਾਊ ਸ਼ਕਤੀ
ਲੁਧਿਆਣਾ, (ਸੰਜੇ ਮਿੰਕਾ) – ਭਾਵੇਂ ਖੇਤੀ ਦੇ ਖੇਤਰ ਵਿੱਚ ਨਵੀ ਇਜਾਦ ਹੋਈ ਤਕਨੀਕ ਕਿੰਨੀ ਹੀ ਚੰਗੀ ਕਿਉਂ ਨਾ ਹੋਵੇ ਕਿਸਾਨ ਅਕਸਰ ਇਨ੍ਹਾਂ ਨੂੰ ਅਪਣਾਉਣ ਵਿੱਚ ਹਿਚਕਿਚਾਹਟ ਮਹਿਸੂਸ ਕਰਦਾ ਹੈ। ਜੋ ਰਵਾਇਤ ਇੱਕ ਵਾਰ ਪੈ ਜਾਂਦੀ ਹੈ ਉਸਨੂੰ ਬਦਲਣਾ ਇਸੇ ਕਰਕੇ ਮੁਸ਼ਕਿਲ ਹੁੰਦਾ ਹੈ ਕਿਉਂਕਿ ਕਿਸਾਨ ਇੱਕ ਸਥਾਪਿਤ ਹੋ ਚੁੱਕੀ ਰਵਾਇਤ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਅਜਿਹੇ ਵਿੱਚ ਇਨ੍ਹਾਂ ਨਵੀਆਂ ਤਕਨੀਕਾਂ ਜਿਵੇਂ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਉਣ ਵਿੱਚ ਪਹਿਲ ਕਦਮੀ ਕਰਨ ਵਾਲੇ ਕਿਸਾਨ ਆਮ ਕਿਸਾਨਾਂ ਲਈ ਇੱਕ ਮਾਰਗਦਰਸ਼ਕ ਦਾ ਕੰਮ ਕਰਦੇ ਹਨ । ਇਨ੍ਹਾਂ ਤਕਨੀਕਾਂ ਨੂੰ ਕਾਮਯਾਬ ਕਰਨ ਵਿੱਚ ਮੋਹਰੀ ਕਿਸਾਨਾਂ ਵਿੱਚੋਂ ਇੱਕ ਹੈ ਪਿੰਡ ਅੜੈਚਾਂ, ਬਲਾਕ ਦੋਰਾਹਾ, ਜਿਲ੍ਹਾ ਲੁਧਿਆਣਾ ਦਾ ਅਗਾਂਹਵਧੂ ਕਿਸਾਨ ਸਵਰਨਜੀਤ ਸਿੰਘ। ਮੋਹਰੀ ਕਿਸਾਨ ਸਵਰਨਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ 15 ਏਕੜ ਦੀ ਖੇਤੀ ਕਰਦਾ ਹੈ ਜਿਸ ਵਿੱਚ 10 ਏਕੜ ਦਾ ਉਹ ਖੁਦ ਮਾਲਕ ਹੈ ਅਤੇ 5 ਏਕੜ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। ਸਵਰਨਜੀਤ ਸਿੰਘ ਕਸਾਨ ਦੋ ਵਾਰ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ ਤੇ ਪਿੰਡ ਦੀ ਸੇਵਾ ਕਰਨ ਦੇ ਨਾਲ-ਨਾਲ ਉਹ ਵਾਤਾਵਰਨ ਨੂੰ ਸਾਂਭਣ ਵਿੱਚ ਵੀ ਆਪਣੀ ਜਿੰਮੇਵਾਰੀ ਨੂੰ ਚੰਗੀ ਤਰਾਂ ਨਿਭਾ ਰਿਹਾ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਦੋਰਾਹਾ ਦੀ ਟੀਮ ਨਾਲ ਸਵਰਨਜੀਤ ਸਿੰਘ ਦਾ ਬਹੁਤ ਪੁਰਾਣਾ ਰਾਬਤਾ ਰਿਹਾ ਹੈ। ਉਹ ਹਮੇਸ਼ਾਂ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਨੂੰ ਆਪਣਾ ਮਾਣ ਮਹਿਸੂਸ ਕਰਦਾ ਹੈ, ਉਸਨੇ ਸਾਲ 2018 ਵਿੱਚ ਪਿੰਡ ਵਿੱਚ ਸਭ ਤੋਂ ਪਹਿਲਾਂ ਆਪਣੀ ਹੈਪੀ ਸੀਡਰ ਮਸ਼ੀਨ ਖਰੀਦੀ ਸੀ ਅਤੇ ਉਦੋਂ ਤੋਂ ਹੀ ਹੈਪੀ ਸੀਡਰ ਨਾਲ ਕਣਕ ਬੀਜ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਕੇ ਸਗੋਂ ਹਮੇਸ਼ਾਂ ਜਮੀਨ ਵਿੱਚ ਵਾਹਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਈ ਹੈ।
ਸਾਲ 2018 ਵਿੱਚ ਉਸਨੇ ਆਪਣੇ ਖੇਤਾਂ ਵਿੱਚ ਹੈਪੀ ਸੀਡਰ ਨਾਲ ਬਿਜਾਈ ਕਰਕੇ ਮੋਹਰੀ ਕਿਸਾਨ ਹੋਣ ਦਾ ਫਰਜ ਨਿਭਾਇਆ, ਇਸ ਤੋਂ ਬਿਨਾਂ ਕਿਸਾਨ ਸਵਰਨਜੀਤ ਸਿੰਘ ਨੇ ਸਾਉਣੀ 2020 ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੀ ਸਫਲਤਾ ਪੂਰਵਕ ਅਪਣਾਇਆ ਹੈ ਅਤੇ ਪਾਣੀ ਬਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਕਿਸਾਨ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਦੇ ਨਾਲ-ਨਾਲ ਲੇਬਰ ਦਾ ਖਰਚਾ ਵੀ ਬਚਦਾ ਹੈ ਅਤੇ ਕੱਦੂ ਕਰਨ ਜਿਹੇ ਔਖੇ ਕੰਮ ਤੋਂ ਮੁਕਤੀ ਮਿਲਦੀ ਹੈ।
ਇਨ੍ਹਾਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਤੋਂ ਇਲਾਵਾ ਕਿਸਾਨ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਸਰੋ, ਦਾਲਾਂ ਆਦਿ ਦੀ ਕਾਸ਼ਤ ਵੀ ਕਰਦਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਦੀ ਮਹੱਤਤਾ ਨੂੰ ਸਮਝਦੇ ਹੋਏ ਹਰ ਸਾਲ ਮਿੱਟੀ ਟੈਸਟ ਕਰਵਾਉਂਦਾ ਹੈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਵੀ ਸੰਜਮ ਨਾਲ ਕਰਦਾ ਹੈ।
ਵਾਤਾਵਰਣ ਪੱਖੀ ਕਿਸਾਨ ਸਵਰਨਜੀਤ ਸਿੰਘ ਜਿਸ ਤਰ੍ਹਾਂ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਵਾਤਾਵਰਨ ਨੂੰ ਸੰਭਾਲਣ ਵਿੱਚ ਆਪਣੇ ਯੋਗਦਾਨ ਅਤੇ ਖੇਤੀ ਖਰਚਿਆਂ ਨੂੰ ਘੱਟ ਕਰਨ ਵਿੱਚ ਉਦਾਹਰਣ ਪੇਸ਼ ਕਰ ਰਿਹਾ ਹੈ, ਉਸੇ ਤਰ੍ਹਾਂ ਇਲਾਕੇ ਦੇ ਹੋਰਾਂ ਕਿਸਾਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ।