Friday, March 14

ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਜੀ ਦਾ 7 ਨਵੰਬਰ ਨੂੰ ਬੁੱਤ ਸਥਾਪਿਤ ਕੀਤਾ ਜਾਵੇਗਾ

ਲੁਧਿਆਣਾ(ਸੰਜੇ ਮਿੰਕਾ)- ਲੋਕ ਸੰਗੀਤ ਤੇ ਗੁਰਬਾਣੀ ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਜੀ ਜੀ ਦਾ ਬੁੱਤ 7 ਨਵੰਬਰ ਸ਼ਨਿੱਚਰਵਾਰ ਸਵੇਰੇ 10.30 ਵਜੇ ਪੰਜਾਬੀ ਭਵਨ ਲੁਧਿਆਣਾ ਸਾਹਮਣੇ ਪ੍ਰੋ: ਮੋਹਨ ਸਿੰਘ ਜੀ ਦੇ ਬੁੱਤ ਨੇੜੇ ਨਗਰ ਨਿਗਮ ਵੱਲੋਂ ਸਥਾਪਤ ਕੀਤਾ ਜਾ ਰਿਹਾ ਹੈ। ਬੁੱਤ ਤਰਾਸ਼ ਮਨਜੀਤ ਸਿੰਘ ਗਿੱਲ ਘੱਲ ਕਲਾਂ(ਮੋਗਾ) ਨੇ ਇਸ ਨੂੰ ਸਿਰਜਿਆ ਹੈ। ਬੁੱਤ ਸੇਵਾ ਸ: ਸ ਪ ਸ ਓਬਰਾਏ ਜੀ ਨੇ ਕਰਵਾਈ ਹੈ। ਉਸਤਾਦ ਜਸਵੰਤ ਭੰਵਰਾ ਜੀ ਲੁਧਿਆਣਾ ਚ 1960 ਤੋਂ ਲੈ ਕੇ 1990 ਤੀਕ ਨੈਸ਼ਨਲ ਮਿਊਜ਼ਿਕ ਕਾਲਿਜ, ਘੰਟਾ ਘਰ ਚੌਂਕ ਚ ਚਲਾਉਂਦੇ ਰਹੇ ਸਨ। ਪੰਜਾਬੀ ਗਾਇਕਾਂ ਦੀ ਐੱਚ ਐੱਮ ਵੀ ਲਈ ਆਡੀਸ਼ਨ ਵੀ ਇਥੇ ਹੀ ਹੁੰਦੀ ਹੁੰਦੀ ਸੀ। ਹਰਚਰਨ ਗਰੇਵਾਲ, ਰਾਜਿੰਦਰ ਰਾਜਨ, ਸੁਦੇਸ਼ ਕਪੂਰ, ਰਮੇਸ਼ ਰੰਗੀਲਾ,ਸੁਰਿੰਦਰ ਸ਼ਿੰਦਾ, ਦਲਜੀਤ ਕੈਸ,ਕਰਨੈਲ ਗਿੱਲ, ਰਾਜਿੰਦਰ ਮਲਹਾਰ, ਸਾਜਨ ਰਾਏਕੋਟੀ, ਮਨਮੋਹਨ ਵਾਰਿਸ, ਕਮਲ ਹੀਰ , ਸੰਗਤਾਰ,ਡਾ: ਸੁਖਨੈਨ,ਰਵਿੰਦਰ ਸਿੰਘ ਵਿੰਕਲ, ਸੱਯਦਾ ਬਾਨੋ ਤੇ ਹੋਰ ਸੈਂਕੜੇ ਗਾਇਕਾਂ ਨੇ ਇਥੇ ਹੀ ਲੋਕ ਸੰਗੀਤ ਦੀ ਸਿੱਖਿਆ ਦੀਖਿਆ ਲਈ। ਜਲੰਧਰ ਚ ਉਨ੍ਹਾਂ ਪਾਸੋਂ ਹੰਸ ਰਾਜ ਹੰਸ, ਰੰਜਨਾ, ਸਰਬਜੀਤ ਕੋਕੇ ਵਾਲੀ,ਜਸਬੀਰ ਜੱਸੀ, ਮੰਨਾ ਢਿੱਲੋਂ ਤੇ ਹੋਰ ਅਨੇਕਾਂ ਗਾਇਕਾਂ ਨੇ ਸੰਗਤ ਹਾਸਲ ਕਰਕੇ ਗੁਣ ਗ੍ਰਹਿਣ ਕੀਤੇ। ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਮਾਣੋ ਦੇ ਭੰਗੂ ਪਰਿਵਾਰ ਦੇ ਜੰਮਪਲ ਉਸਤਾਦ ਜਸਵੰਤ ਭੰਵਰਾ ਜੀ ਨੇ ਪੰਜਾਬੀ ਫ਼ਿਲਮ ਮੇਲੇ ਮਿੱਤਰਾਂ ਦੇ ਤੋਂ ਇਲਾਵਾ ਦੂਰਦਰਸ਼ਨ ਕੇਂਦਰ ਜਲੰਧਰ ਤੇ ਆਕਾਸ਼ਵਾਣੀ ਜਲੰਧਰ ਦੇ ਅਨੇਕਾਂ ਮਹੱਤਵਪੂਰਨ ਪ੍ਰੋਗਰਾਮਾਂ ਵਿੱਚ ਵੀ ਸੰਗੀਤ ਨਿਰਦੇਸ਼ਨ ਕੀਤਾ ਸੀ। ਡਾ: ਲਖਵਿੰਦਰ ਜੌਹਲ ਦੀ 1985 ਚ ਨਿਰਦੇਸ਼ਤ ਤੇ ਕੌਮੀ ਪੁਰਸਕਾਰ ਵਿਜੇਤਾ ਦਸਤਾਵੇਜ਼ੀ ਫਿਲਮ ਫੁਲਕਾਰੀ ਨੂੰ ਵੀ ਉਸਤਾਦ ਭੰਵਰਾ ਨੇ ਹੀ ਸੰਗੀਤ ਦਿੱਤਾ ਸੀ। ਏਥੇ ਇਹ ਦੱਸਣਾ ਵੀ ਜ਼ਿਕਰਯੋਗ ਹੈ ਕਿ 1987 ਵਿੱਚ ਉਸਤਾਦ ਜਸਵੰਤ ਭੰਵਰਾ ਜੀ ਨੇ ਰਾਜ ਕੁਮਾਰ ਤੁਲੀ ਦੇ ਲਿਖੇ ਤੇ ਪ੍ਰੋ: ਜਸਦੀਪ ਕੌਰ ਦੇ ਨਿਰਦੇਸ਼ਤ ਨਾਟਕ ਕੀਮਾ ਮਲਕੀ ਦਾ ਮੰਚ ਪੇਸ਼ਕਾਰੀ ਦੌਰਾਨ ਹੰਸ ਰਾਜ ਹੰਸ ਤੇ ਕੁਮਾਰੀ ਰੰਜਨਾ ਲਈ ਸੰਗੀਤ ਵੀ ਦਿੱਤਾ ਸੀ। ਗੁਰਦਾਸ ਮਾਨ ਦੇ ਸਭ ਤੋਂ ਪਹਿਲੇ ਐੱਲ ਪੀ ਰੀਕਾਰਡ ਦਿਲ ਦਾ ਮਾਮਲਾ ਦਾ 1983 ਚ ਸੰਗੀਤ ਵੀ ਜਸਵੰਤ ਭੰਵਰਾ ਜੀ ਨੇ ਹੀ ਦਿੱਤਾ ਸੀ। ਜਸਵੰਤ ਭੰਵਰਾ ਗੁਰਬਾਣੀ ਸੰਗੀਤ ਦੇ ਮਹਾਂ ਯੱਗ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਵੱਦੀ ਕਲਾਂ ਲੁਧਿਆਣਾ ਦੇ ਬਾਨੀ ਯੋਜਨਾਕਾਰਾਂ ਵਿੱਚੋਂ ਇੱਕ ਸਨ। ਸੰਤ ਬਾਬਾ ਸੁੱਚਾ ਸਿੰਘ ਜੀ ਦੇ ਨਿਕਟ ਸਹਿਯੋਗੀ ਵਜੋਂ ਗੁਰੂ ਗਰੰਥ ਸਾਹਿਬ ਦੇ ਸ਼ੁੱਧ 31 ਰਾਗ ਪਛਾਣ ਬਾਰੇ ਬਣਾਈ ਨੌਂ ਮੈਂਬਰੀ ਕਮੇਟੀ ਦੇ ਉਹ ਸੰਯੋਜਕ ਸਨ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਪਹਿਲੀ ਆਡਿਉ ਰੀਕਾਰਡਿੰਗ ਵਿੱਚ ਉਨ੍ਹਾਂ ਨੇ ਹੀ ਆਪਣੀ ਆਵਾਜ਼ ਦੇ ਕੇ ਰਾਗ ਪਛਾਣ ਕਰਵਾਈ ਸੀ।               ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ 7ਨਵੰਬਰ ਨੂੰ ਉਸਤਾਦ ਜਸਵੰਤ ਭੰਵਰਾ ਜੀ ਦੇ ਬੁੱਤ ਦੀ ਨਕਾਬ ਕੁਸ਼ਾਈ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਭਾਰਤ ਭੂਸ਼ਨ ਆਸ਼ੂ ਖ਼ੁਰਾਕ ਮੰਤਰੀ ਪੰਜਾਬ ਹੋਣਗੇ। ਜਦ ਕਿ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਜੀ ਕਰਨਗੇ। ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ, ਕਮਿਸ਼ਨਰ ਸ਼੍ਰੀ ਪਰਦੀਪ ਸੱਭਰਵਾਲ ਜੀ ਤੋਂ ਇਲਾਵਾ ਸਿਰਕੱਢ ਲੇਖਕ, ਗਾਇਕ ਤੇ ਉਸਤਾਦ ਭੰਵਰਾ ਦੇ ਸ਼ਾਗਿਰਦ ਵੀ ਪੁੱਜਣਗੇ। ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ,ਸੁਰਿੰਦਰ ਸ਼ਿੰਦਾ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਨੇ ਇਸ ਦੀ ਲਗਾਤਾਰ ਪੈਰਵੀ ਕਰਕੇ ਪ੍ਰਾਜੈਕਟ ਨੇਪਰੇ ਚਾੜ੍ਹਿਆ ਹੈ। ਸਿਰਕੱਢ ਲੋਕ ਗਾਇਕ ਤੇ ਮੁੱਖ ਪ੍ਰਬੰਧਕ ਸੁਰਿੰਦਰ ਸ਼ਿੰਦਾ ਜੀ ਨੇ ਸਮੂਹ ਸ਼ਾਗਿਰਦਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਜ਼ਰੂਰ ਪੁੱਜਣ।

About Author

Leave A Reply

WP2Social Auto Publish Powered By : XYZScripts.com