- ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਕਿਸਾਨੀ ਦੇ ਨਾਲ ਪੰਜਾਬ ਦੇ ਉਦਯੋਗ ਨੂੰ ਵੀ ਕਰਨਾ ਚਾਹੁੰਦੀ ਹੈ ਤਬਾਹ – ਟਿੱਕਾ
ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰ.ਅਮਰਜੀਤ ਸਿੰਘ ਟਿੱਕਾ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਦੀ ਸਖ਼ਤ ਸ਼ਬਦਾ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਅਤੇ ਪੰਜਾਬ ਦੇ ਉਦਯੋਗ ਨੂੰ ਤਬਾਹ ਕਰਨਾ ਚਾਹੁੰਦੀ ਹੈ। ਸ੍ਰ. ਟਿੱਕਾ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਮਾਲ ਗੱਡੀਆਂ ਦੀ ਆਵਾਜਾਈ ਰੋਕ ਕੇ ਪੰਜਾਬ ਦੇ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਨਅਤਕਾਰਾਂ ਦਾ ਤਿਆਰ ਕੀਤਾ ਮਾਲ ਬਾਹਰ ਨਹੀਂ ਜਾ ਰਿਹਾ ਅਤੇ ਕੱਚਾ ਮਾਲ ਪੰਜਾਬ ਨਹੀਂ ਆ ਰਿਹਾ, ਇਸ ਨਾਲ ਪੰਜਾਬ ਦੀ ਸਨਅਤਕਾਰੀ ਤਬਾਹੀ ਵੱਲ ਧੱਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਅੜੀਅਲ ਵਤੀਰਾ ਪੰਜਾਬ ਨੂੰ ਹਰ ਪੱਖੋਂ ਬਰਬਾਦ ਕਰ ਦੇਵੇਗਾ। ਸ੍ਰ.ਟਿੱਕਾ ਨੇ ਅੱਗੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨੂੰ ਦੇਸ਼ ਦਾ ਹਿੱਸਾ ਹੀ ਨਹੀਂ ਮੰਨ ਰਹੀ। ਸ੍ਰ. ਟਿੱਕਾ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਰੋਕਣ ਦੀ ਨਿਖ਼ੇਧੀ ਕਰਦਿਆਂ ਕਿਹਾ ਕਿ ਇਸ ਨਾਲ ਪਿੰਡਾਂ ਦਾ ਵਿਕਾਸ ਰੁੱਕ ਜਾਵੇਗਾ, ਸ੍ਰ. ਟਿੱਕਾ ਨੇ ਇਹ ਵੀ ਕਿਹਾ ਕਿ ਕੇਂਦਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਬਿਨ੍ਹਾਂ ਸ਼ਰਤ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਲੰਬਾ ਚੱਲਿਆ ਤਾਂ ਇਸ ਵਾਰ ਦੀਵਾਲੀ ਦਾ ਤਿਉਂਹਾਰ ਹਰ ਵਰਗ ਲਈ ਘਾਟੇਵਾਲਾ ਸਾਬਤ ਹੋਵੇਗਾ।