- ਪਰਾਲੀ ਖੇਤ ‘ਚ ਵਾਹਕੇ ਜ਼ਮੀਨ ਦੀ ਸੁਧਰਦੀ ਹੈ ਬਣਤਰ, ਉਪਜਾਊ ਸ਼ਕਤੀ ਵਿੱਚ ਵੀ ਹੁੰਦਾ ਹੈ ਵਾਧਾ – ਕਿਸਾਨ ਜਗਦੇਵ ਸਿੰਘ
ਲੁਧਿਆਣਾ, (ਸੰਜੇ ਮਿੰਕਾ) – ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਸਾੜੇ ਜ਼ਮੀਨ ਵਿੱਚ ਵਾਹ ਕੇ ਪਿੰਡ ਲੀਲਾ ਮੇਘ ਸਿੰਘ ਦਾ ਅਗਾਂਹਵਧੂ ਕਿਸਾਨ ਜਗਦੇਵ ਸਿੰਘ 14 ਏਕੜ ਮਾਲਕੀ ਅਤੇ 120 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਕਾਰਨ ਇਸ ਕਿਸਾਨ ਨੂੰ ਬਲਾਕ ਅਤੇ ਤਹਿਸੀਲ ਪੱਧਰ ‘ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਕਿਸਾਨ ਦੀ ਸ਼ਲਾਘਾ ਕੀਤੀ ਗਈ ਹੈ। ਕਿਸਾਨ ਜਗਦੇਵ ਸਿੰਘ ਨੇ ਜਾਣਕਾਰੀ ਸਾਂਝੀ ਕਰਦਿੰਆਂ ਦੱਸਿਆ ਕਿ ਪੀ.ਏ.ਯੂ. ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਕੈਂਪਾਂ ਵਿੱਚ ਅਕਸਰ ਭਾਗ ਲੈਂਦੇ ਰਹਿਣ ਕਰਕੇ ਉਸਨੂੰ ਪਤਾ ਲੱਗਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਵਾਹਕੇ ਜ਼ਮੀਨ ਦੀ ਬਣਤਰ ਸੁਧਰਦੀ ਹੈ ਅਤੇ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ, ਜਿਸ ਦੇ ਨਾਲ-ਨਾਲ ਹੋਰ ਖੇਤੀ ਖਰਚੇ ਜਿਵੇਂ ਖਾਦਾਂ ਦੀ ਵਰਤੋਂ, ਬਿਮਾਰੀਆਂ, ਕੀੜੇ-ਮਕੌੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਜਗਦੇਵ ਸਿੰਘ ਨੇ ਕਿਹਾ ਕਿ ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਅਤੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਰਹਿਤ ਬਨਾਉਣ ਦੇ ਮੰਤਵ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਆਲੂ ਅਤੇ ਕਣਕ ਦੀ ਬਿਜਾਈ, ਮਲਚਰ, ਪੈਡੀ ਸਟਰਾਅ ਰੈਪਰ ਕਮ ਸ਼ਰੈਡਰ, ਪਲਟਾਵੇ ਹਲ ਵਰਤਕੇ ਕਰਨ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ। ਜਗਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਉਹਨਾਂ ਦੇ ਖੇਤ ਦੀ ਜ਼ਮੀਨ ਰੇਤਲੀ ਹੋਣ ਕਾਰਨ ਫਸਲਾਂ ਵਿੱਚ ਛੋਟੇ ਤੱਤਾਂ ਦੀ ਘਾਟ ਬਹੁਤ ਆਉਦੀ ਸੀ ਅਤੇ ਖਾਦਾਂ ਦੀ ਵਰਤੋਂ ਜ਼ਿਆਦਾ ਕਰਨੀ ਪੈਂਦੀ ਸੀ। ਪਰ ਹੁਣ 4-5 ਸਾਲਾਂ ਤੋਂ ਪਰਾਲੀ ਵਿੱਚ ਵਾਹੁਣ ਕਾਰਨ ਉਹਨਾਂ ਦੇ ਖੇਤਾਂ ਵਿੱਚ ਆਰਗੈਨਿਕ ਕਾਰਬਨ/ਜੈਵਿਕ ਮਾਦਾ ਵਧਿਆ ਹੈ ਜਿਸ ਨਾਲ ਛੋਟੇ ਤੱਤਾਂ ਦੀ ਘਾਟ ਵੀ ਨਹੀਂ ਆਉਂਦੀ ਅਤੇ ਖਾਦਾਂ ਦੀ ਵਰਤੋਂ ਵਿੱਚ ਵੀ ਕਮੀ ਆਈ ਹੈ। ਜਗਦੇਵ ਸਿੰਘ ਨੇ ਦਸਿਆ ਕਿ ਪਰਾਲੀ ਵਿੱਚ ਵਾਹੁਣ ਨਾਲ ਫਸਲ ਵਿੱਚ ਪਾਣੀ ਨਹੀਂ ਖੜ੍ਹਦਾ, ਜਿਸ ਨਾਲ ਕਣਕ ਨੂੰ ਪਹਿਲਾਂ ਪਾਣੀ ਲਗਾਉਣ ਤੇ ਫਸਲ ਨਹੀਂ ਦਬਦੀ ਅਤੇ ਆਲੂ ਦੀ ਫਸਲ ਵੀ ਖਰਾਬ ਨਹੀਂ ਹੁੰਦੀ, ਝਾੜ ਵਿੱਚ ਵਾੱਧਾ ਹੁੰਦਾ ਹੈ ਅਤੇ ਆਮਦਨ ਵੀ ਵੱਧਦੀ ਹੈ ।