- ਰੋਜ਼ਾਨਾ ਦੇ ਭੋਜਨ ਵਿੱਚ ਆਇਓਡੀਨ ਯੁਕਤ ਨਮਕ ਨੂੰ ਬਣਾਓ ਜ਼ਰੂਰੀ ਹਿੱਸਾ – ਸਿਵਲ ਸਰਜਨ ਲੁਧਿਆਣਾ
ਲੁਧਿਆਣਾ,(ਸੰਜੇ ਮਿੰਕਾ) – ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਦੀ ਅਗੁਵਾਈ ਵਿੱਚ ‘ਗਲੋਬਲ ਆਇਓਡੀਨ ਡੈਫੀਸੀਐਂਸੀ ਡਿਸਆਰਡਰ ਪ੍ਰੀਵੈਂਸ਼ਨ ਡੇ’ ਸਥਾਨਕ ਸਰਕਾਰੀ ਸਿਹਤ ਸੰਸਥਾ ਜਵੱਦੀ ਵਿਖੇ ਮਨਾਇਆ ਗਿਆ। ਡਾ. ਰਾਜੇਸ਼ ਬੱਗਾ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਰੋਜ਼ਾਨਾ ਦੇ ਭੋਜਨ ਵਿੱਚ ਆਇਓਡੀਨ ਯੁਕਤ ਨਮਕ ਨੂੰ ਜ਼ਰੂਰੀ ਹਿੱਸਾ ਬਣਾ ਕੇ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ। ਡਾ. ਬੱਗਾ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਸਿਹਤ ਸੰਸਥਾਵਾਂ ਵੱਲੋਂ ਸੈਮੀਨਾਰ ਕੀਤੇ ਗਏ ਅਤੇ ਹਾਜ਼ਰ ਲੋਕਾਂ ਖਾਸ ਤੌਰ ‘ਤੇ ਔਰਤਾਂ ਨੂੰ ਸਾਡੇ ਰੋਜ਼ਾਨਾਂ ਦੇ ਖਾਣੇ ਵਿੱਚ ਆਇਓਡੀਨ ਦੀ ਮਹੱਤਤਾ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾਂ ਪੱਧਰੀ ਸਮਾਗਮ ਜਵੱਦੀ ਵਿਖੇ ਜ਼ਿਲਾਂ ਟੀਕਾਕਰਣ ਅਫ਼ਸਰ ਡਾ. ਕਿਰਨ ਆਹਲੂਵਾਲੀਆ, ਐਸ.ਐਮ.ਓ. ਡਾ.ਸੁਰਿੰਦਰਪਾਲ ਕੌਰ, ਡਾ.ਜਸਵੀਰ ਸਿੰਘ ਸੱਲਣ ਅਤੇ ਡਾ.ਸੀਮਾ ਨੇ ਆਪਣੇ-ਆਪਣੇ ਵਿਚਾਰ ਰੱਖੇ। ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਆਇਓਡੀਨ ਦੀ ਬਹੁਤ ਹੀ ਘੱਟ ਮਾਤਰਾ ਵਿੱਚ ਰੋਜ਼ਾਨਾ ਹਰ ਵਿਅਕਤੀ ਨੂੰ ਜ਼ਰੂਰਤ ਪੈਂਦੀ ਹੈ, ਪ੍ਰੰਤੂ ਇਸ ਦੀ ਮਾਨਸਿਕ ਅਤੇ ਸਰੀਰਕ ਪੱਖੋਂ ਸਿਹਤ ਲਈ ਬਹੁਤ ਜ਼ਿਆਦਾ ਮਹੱਤਤਾ ਹੈ। ਜੇਕਰ ਸਾਡੇ ਸਰੀਰ ਵਿੱਚ ਆਇਓਡੀਨ ਦੀ ਕਮੀ ਹੋਵੇ ਤਾਂ ਸਾਡੀ ਸਿਹਤ ‘ਤੇ ਇਸ ਦੇ ਬਹੁਤ ਜ਼ਿਆਦਾ ਮਾੜੇ ਪ੍ਰਭਾਵ ਪੈਦੇ ਹਨ। ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਆਇਓਡੀਨ ਦੀ ਘਾਟ ਨਾਲ ਨਵੇਂ ਜੰਮੇ ਬੱਚੇ ਦੀ ਬੁੱੱਧੀ ਦਾ ਵਿਕਾਸ ਰੁਕ ਜਾਂਦਾ ਹੈ ਜਾਂ ਘੱਟ ਹੁੰਦਾ ਹੈ, ਬੱਚੇ ਵਿੱਚ ਸਰੀਰਕ ਨੁਕਸ ਪੈਦਾ ਹੋ ਜਾਂਦੇ ਹਨ ਅਤੇ ਗਿਲੜ੍ਹ ਦੀ ਬਿਮਾਰੀ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਚੜ੍ਹਦੇ ਸੂਰਜ ਦੇ ਨਿਸ਼ਾਨ ਵਾਲੇ ਆਇਓਡੀਨ ਨਮਕ ਦੀ ਵਰਤੋਂ ਨਾਲ ਆਇਓਡੀਨ ਦੀ ਕਮੀ ਨੂੰ ਰੋਕਿਆ ਜਾ ਸਕਦਾ ਹੈ। ਡਾ. ਕਿਰਨ ਨੇ ਮਾਵਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮੇਂ-ਸਮੇਂ ਸਰਕਾਰੀ ਸਿਹਤ ਸੰਸਥਾ ਵਿੱਚ ਆਪਣੀ ਜਾਂਚ ਕਰਵਾਉਂਦੇ ਰਹਿਣ ਅਤੇ ਜੇਕਰ ਖੁਰਾਕੀ ਤੱਤਾਂ ਦੀ ਘਾਟ ਹੋਵੇ ਤਾਂ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ਼ ਕਰਵਾਉਣਾ ਚਾਹੀਦਾ ਹੈ।