ਲੁਧਿਆਣਾ, (ਸੰਜੇ ਮਿੰਕਾ) – 32 ਸਾਲਾ ਨੌਜਵਾਨ ਕਿਸਾਨ ਗੁਰਮੀਤ ਸਿੰਘ ਜੋ ਕਿ ਪਿੰਡ ਬੁਰਜ ਲਿੱਟਾਂ ਬਲਾਕ ਪੱਖੋਵਾਲ ਜਿਲਾ ਲੁਧਿਆਣਾ ਦਾ ਰਹਿਣ ਵਾਲਾ ਹੈ, ਕਣਕ, ਝੋਨਾ, ਆਲੂ, ਬਹਾਰ ਰੁੱਤ ਦੀ ਮੱਕੀ ਅਤੇ ਸੱਠੀ ਮੂੰਗੀ ਦੀ ਖੇਤੀ ਕਰਦਾ ਹੈ। ਇਹ ਕਿਸਾਨ ਪਿਛਲੇ ਤਿੰਨ ਸਾਲਾਂ ਤੋਂ 15 ਏਕੜ ਝੋਨੇ, 60 ਏਕੜ ਆਲੂ, 55 ਏਕੜ ਕਣਕ, 40 ਏਕੜ ਸੱਠੀ ਮੂੰਗੀ ਅਤੇ 20 ਏਕੜ ਬਹਾਰ ਰੁੱਤ ਦੀ ਮੱਕੀ ਦੀ ਖੇਤੀ ਕਰਦਾ ਆ ਰਿਹਾ ਹੈ। ਨੌਜਵਾਨ ਕਿਸਾਨ ਗੁਰਮੀਤ ਸਿੰਘ ਨੇ ਆਪਣੇ ਵਾਤਾਵਰਣ ਪੱਖੀ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਤਕਨੀਕਾਂ ਅਪਣਾ ਕੇ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ ਸਾਰੀ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਸੁਚੱਜਾ ਪ੍ਰਬੰਧ ਕਰ ਰਿਹਾ ਹੈ। ਉਸਨੇ ਦੱਸਿਆ ਕਿ ਪਰਾਲੀ ਨੂੰ ਜਜ਼ਬ ਕਰਨ ਲਈ ਇਕ ਮਲਚਰ, ਚੋਪਰ ਅਤੇ ਉਲਟਾਵੇ ਹਲਾਂ ਦੀ ਵਰਤੋਂ ਕਰਦਾ ਹੈ। ਆਪਣੇ ਖੇਤਾਂ ਵਿੱਚ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ) ਨਾਲ ਕਰਨ ਤੋਂ ਬਾਅਦ ਪਈ ਪਰਾਲੀ ਦਾ ਮਲਚਰ ਨਾਲ ਕੁਤਰਾ ਕਰਕੇ ਫਿਰ ਪਰਾਲੀ ਉਲਟਾਵੇਂ ਹਲਾਂ ਅਤੇ ਰੋਟਾਵੇਟਰ ਨਾਲ ਵਾਹ ਕੇ ਆਲੂ ਦੀ ਬਿਜਾਈ ਅਤੇ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਰੋਟਰੀ ਡਰਿੱਲ ਨਾਲ ਕਰ ਰਿਹਾ ਹੈ। ਉੱਦਮੀ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਕੇ ਆਲੂ ਅਤੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਨਾਲ ਬਹਾਰ ਰੁੱਤ ਦੀ ਮੱਕੀ ਅਤੇ ਸੱਠੀ ਮੂੰਗੀ ਦੀ ਫਸਲ ਬਹੁਤ ਆਰਾਮ ਨਾਲ ਲਾਈ ਜਾ ਸਕਦੀ ਹੈ। ਕਿਸਾਨ ਨੇ ਅੱਗੇ ਕਿਹਾ ਅਜਿਹਾ ਕਰਨ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਪਾਣੀ ਜਜ਼ਬ ਕਰਨ ਦੀ ਸ਼ਕਤੀ ਵਧੀ ਹੈ ਨਾਲ ਹੀ ਫਸਲਾਂ ਦੇ ਝਾੜ ਅਤੇ ਮੁਨਾਫ਼ੇ ਵਿੱਚ ਵਾਧਾ ਵੀ ਹੋਇਆ ਹੈ। ਮਿਹਨਤੀ ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਨੂੰ ਨਾ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਹ ਨੌਜਵਾਨ ਕਿਸਾਨ ਬਹੁਤ ਉੱਦਮੀ ਅਤੇ ਮਿਹਨਤੀ ਹੈ ਅਤੇ ਇਲਾਕੇ ਵਿੱਚ ਬਾਕੀ ਕਿਸਾਨਾਂ ਲਈ ਪ੍ਰੇਰਣਾ ਦਾ ਸ੍ਰੋਤ ਹੈ।
Related Posts
-
एनजीओ आस एहसास की निदेशक, मैडम रुचि कौर बावा ने वर्ल्ड प्रेस फ्रीडम डे पर युवाओं को मीडिया साक्षरता से जोड़ा
-
पहलगाम घटना के विरोध में पंजाब व्यापार मंडल ने आज समूह व्यापारियों के साथ काली पट्टियां बांधकर मनाया काला दिवस
-
ਲੁਧਿਆਣਾ ਪੱਛਮੀ ਉਪ-ਚੋਣਪ੍ਰਸਤਾਵਿਤ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰ ਵਿਖੇ ਡੀ.ਸੀ ਅਤੇ ਸੀ.ਪੀ ਨੇ ਤਿਆਰੀ ਦਾ ਜਾਇਜ਼ਾ ਲਿਆ