Friday, May 9

ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਜਾ ਸਕਦਾ ਹੈ ਸਾਂਭਿਆ – ਖੇਤੀਬਾੜੀ ਵਿਕਾਸ ਅਫ਼ਸਰ

  • ਕਿਹਾ! ਚੌਪਰ-ਕਮ-ਸ਼ਰੈਡਰ ਖੇਤ ਵਿੱਚ ਹੀ ਪਰਾਲੀ ਸਾਂਭਣ ਲਈ ਹੈ ਬਹੁਤ ਉਪਯੋਗੀ ਸੰਦ

ਸਮਰਾਲਾ/ਲੁਧਿਆਣਾ, (ਸੰਜੇ ਮਿੰਕਾ) – ਖੇਤੀਬਾੜੀ ਵਿਕਾਸ ਅਫ਼ਸਰ ਸਮਰਾਲਾ ਡਾ. ਹਰਜਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਮੇਂ-ਸਮੇਂ ਕਿਸਾਨਾਂ ਨਾਲ ਰਾਬਤਾ ਕਰਕੇ ਫਸਲੀ ਰਹਿੰਦ-ਖੂੰਹਦ ਨੂੰ ਸਾਂਭਣ ਲਈ ਉਪਰਾਲੇ ਕੀਤੇ ਜਾਂਦੇ ਹਨ। ਪਰ ਇਸ ਝੋਨੇ ਦੇ ਸੀਜ਼ਨ ਦੌਰਾਨ ਦੁਨੀਆਂ ਭਰ ‘ਚ ਪੈਰ ਪਸਾਰ ਚੁੱਕੀ ਕੋਰੋਨਾ ਮਹਾਂਮਾਰੀ ਕਰਕੇ ਸਭ ਤੋਂ ਅਹਿਮ ਹੈ ਕੋਰੋਨਾ ਪੀੜ੍ਹਤ ਰੋਗੀਆਂ ਨੂੰ ਪ੍ਰਦੂਸ਼ਿਤ ਰਹਿਤ, ਸਾਫ-ਸੁਥਰਾ ਤੇ ਸੁੱਧ ਵਾਤਾਵਰਣ ਮੁਹੱਈਆ ਕਰਾਉਣਾ ਤੇ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲਣਾ। ਉਨ੍ਹਾਂ ਅੱਗੇ ਦੱਸਿਆ ਕਿ ਕੋਰੋਨਾ ਪੀੜ੍ਹਤ ਰੋਗੀਆਂ ਦੀ ਸਿਹਤ ‘ਤੇ ਮਾੜੇ ਪ੍ਰਭਾਵ ਤੋਂ ਇਲਾਵਾ ਵੀ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਕਾਫੀ ਨੁਕਸਾਨ ਹਨ ਜਿਵੇਂ ਕਿ ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ, ਮਿੱਟੀ ਦੀ ਸਿਹਤ ਦਾ ਖਰਾਬ ਹੋਣਾ, ਮਿੱਟੀ ਅੰਦਰਲੇ ਸੂਖਮ ਜੀਵਾਂ ਦਾ ਮਰ ਜਾਣਾ, ਪਰਾਲੀ ਦੇ ਨਾਲ ਕਈ ਜਰੂਰੀ ਤੱਤ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ ਦਾ ਸੜ ਜਾਣਾ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਕਾਫੀ ਸਾਰੇ ਖੇਤੀ ਸੰਦਾਂ ਨੂੰ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਵਿਚੋਂ ਇੱਕ ਬਹੁਤ ਹੀ ਉਪਯੋਗੀ ਸੰਦ ਹੈ ਚੌਪਰ-ਕਮ-ਸ਼ਰੈਡਰ।ਚੌਪਰ-ਕਮ-ਸ਼ਰੈਡਰ ਝੋਨੇ ਦੀ ਕੰਬਾਈਨ ਨਾਲ ਵਢਾਈ ਤੋਂ ਬਾਅਦ ਵਰਤਿਆ ਜਾਣ ਵਾਲਾ ਖੇਤੀ ਸੰਦ ਹੈ। ਇਸ ਸੰਦ ਨੂੰ ਵਰਤੋਂ ਵਿੱਚ ਲਿਆਉਣ ਲਈ ਲਗਭਗ 45-50 ਹਾਰਸ ਪਾਵਰ ਜਾਂ ਇਸ ਤੋਂ ਵੱਧ ਵਾਲਾ ਟਰੈਕਟਰ ਚਾਹੀਦਾ ਹੈ ਅਤੇ ਇਹ ਇੱਕ ਦਿਨ ਵਿੱਚ ਲੱਗਭਗ 68 ਏਕੜ ਕਵਰ ਕਰ ਸਕਦਾ ਹੈ। ਚੌਪਰ ਤਿੰਨ ਤਰੀਕੇ ਨਾਲ ਕੰਮ ਕਰਦਾ ਹੇ ਜਿਵੇਂ ਕਿ ਪਰਾਲੀ ਦੀ ਵਢਾਈ, ਕੁਤਰਾਈ ਅਤੇ ਕੁਤਰੀ ਹੋਈ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਪਰਾਲੀ ਨੂੰ ਦੋ ਤਰੀਕਿਆਂ ਨਾਲ ਮਿੱਟੀ ਵਿੱਚ ਮਿਲਾਇਆ ਜਾ ਸਕਦਾ ਹੈ।
ਹਲਕਾ ਪਾਣੀ ਲਾਉਣ ਤੋਂ ਬਾਅਦ :
ਕੁਤਰੀ ਹੋਈ ਪਰਾਲੀ ਗਿੱਲੇ ਖੇਤ ਵਿੱਚ ਰੋਟਾਵੇਟਰ ਦੀ ਸਹਾਹਿਤਾ ਨਾਲ ਮਿੱਟੀ ਵਿੱਚ ਮਿਲਾਈ ਜਾ ਸਕਦੀ ਹੈ। ਪਰਾਲੀ 2 ਤੋਂ 3 ਹਫਤਿਆਂ ਵਿੱਚ ਚੰਗੀ ਤਰ੍ਹਾਂ ਗਲ ਸੜ ਜਾਂਦੀ ਹੇ। ਜਦੋਂ ਖੇਤ ਵਿੱਚ ਵੱਟ ਆ ਜਾਵੇ ਤਾਂ ਜੀਰੋ ਟਿੱਲ ਡਰਿੱਲ ਜਾਂ ਸੀਡ-ਕਮ-ਫਰਟੀਲਾਈਜਰ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨੂੰ ਵਰਤੋਂ ਵਿੱਚ ਲਿਆਉਣ ਲਈ ਝੋਨੇ ਦੀ ਵਢਾਈ ਸਮਂੇਂ ਖੇਤ ਸੁੱਕਾ ਹੋਣਾ ਚਾਹੀੰਦਾ ਹੈ ਅਤੇ ਪਰਾਲੀ ਨੂੰ ਚੋਪਰ ਨਾਲ ਕੁਤਰਨ ਤੋ ਬਾਅਦ ਹੀ ਪਾਣੀ ਲਾਉਣਾ ਚਾਹੀਦਾ ਹੈ।

ਐਮ.ਬੀ. ਪਲਾਓ ਦੀ ਸਹਾਇਤਾ ਨਾਲ :
ਜੇਕਰ ਝੋਨੇ ਤੋਂ ਬਾਅਦ ਆਲੂਆਂ ਦੀ ਬਿਜਾਈ ਕਰਨੀ ਹੈ ਤਾਂ ਐਮ.ਬੀ. ਪਲਾਓ ਦੀ ਸਹਾਇਤਾ ਨਾਲ ਕੁਤਰੀ ਹੋਈ ਪਰਾਲੀ ਨੂੰ ਸੁੱਕੇ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਐਮ.ਬੀ. ਪਲਾਓ ਦੋ ਤਰ੍ਹਾਂ ਦੇ ਹਨ, ਫਿਕਸਡ ਅਤੇ ਰਿਵਰਸੀਵਲ। ਫਿਕਸਡ ਪਲਾਓ ਇੱਕ ਹੀ ਦਿਸ਼ਾ ਵਿੱਚ ਖੇਤ ਨੂੰ ਵਾਹੁੰਦੇ ਹਨ ਜਦ ਕਿ ਰਿਵਰਸੀਵਲ ਪਲਾਓ ਦਿਸ਼ਾ ਬਦਲ ਕੇ ਖੇਤ ਨੂੰ ਵਾਹੁੰਦੇ ਹਨ। ਕਣਕ ਦੀ ਬਿਜਾਈ ਲਈ ਫਿਕਸਡ ਪਲਾਓ ਵਰਤਿਆ ਜਾ ਸਕਦਾ ਹੈ। ਸੋ ਚੌਪਰ ਦੀ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ, ਮਿੱਟੀ ਦੀ ਨਮੀ ਪਕੜਨ ਦੀ ਸਮਰੱਥਾਂ ਵਧਦੀ ਹੈ, ਨਦੀਨਾਂ ਦੀ ਸਮੱਸਿਆ ਹੱਲ ਹੁੰਦੀ ਹੈ, ਅਗਲੀ ਫਸਲ ਦਾ ਵਧੇਰੇ ਝਾੜ ਮਿਲਦਾ ਹੈ ਅਤੇ ਸਭ ਤੋਂ ਮਹੱਤਵਪਸ਼ੂਰਨ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚ ਜਾਂਦਾ ਹੈ।

About Author

Leave A Reply

WP2Social Auto Publish Powered By : XYZScripts.com