- ਝੋਨੇ ਦੀ ਕਟਾਈ ਸਮੇਂ ਕੰਬਾਈਨਾਂ ਉਪਰ ਐਸ.ਐਮ.ਐਸ. ਲੱਗਿਆ ਹੋਣਾ ਲਾਜ਼ਮੀ-ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਵਾਢੀ ਕਰਨ ‘ਤੇ ਵੀ ਮਨਾਹੀ
- ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ
ਲੁਧਿਆਣਾ, (ਸੰਜੇ ਮਿੰਕਾ) – ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜ਼ਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਕੰਬਾਈਨਾਂ ‘ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਤੋਂ ਬਿਨ੍ਹਾਂ ਝੋਨੇ ਦੀ ਵਾਢੀ ‘ਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ।ਜਾਣਕਾਰੀ ਮੁਤਾਬਿਕ ਐਸ.ਐਮ.ਐਸ. ਕੰਬਾਈਨ ਹਾਰਵੈਸਟਰ ਮਸ਼ੀਨ ਦਾ ਇੱਕ ਹਿੱਸਾ ਹੈ, ਜੋ ਕਿ ਖੜ੍ਹੀ ਝੋਨੇ ਦੀ ਪਰਾਲੀ ਦੇ ਕੁਤਰੇ ਕਰਦਾ ਹੈ ਅਤੇ ਖੇਤ ਵਿੱਚ ਇਕਸਾਰ ਖਿਲਾਰ ਦਿੰਦਾ ਹੈ ਜਿਸ ਤੋਂ ਬਾਅਦ ਕਣਕ ਦੀ ਫਸਲ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਲੋੜ ਨਹੀਂ ਪੈਂਦੀ।ਡਿਪਟੀ ਕਮਿਸ਼ਨਰ ਵੱਲੋਂ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਦੀ ਵਰਤੋਂ ਕਰਦਿਆਂ ਝੋਨੇ ਦੀ ਕਟਾਈ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸੁ਼ਰੂ ਹੋ ਗਿਆ ਹੈ, ਆਮ ਤੌਰ ‘ਤੇ ਇਨ੍ਹਾ ਦਿਨਾਂ ਵਿੱਚ ਝੋਨਾ ਕੱਟਣ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਈਨਾਂ ਰਾਤ ਵੇਲੇ ਤ੍ਰੇਲ ਕਾਰਨ ਗਿੱਲੇ ਝੋਨੇ ਨੂੰ ਕੱਟ ਦਿੰਦੀਆਂ ਹਨ। ਝੋਨੇ ਵਿੱਚ ਨਮੀ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਤੋਂ ਉਪਰ ਹੁੰਦੀ ਹੈ ਅਤੇ ਖਰੀਦ ਏਜੰਸੀਆਂ ਉਸ ਝੋਨੇ ਨੁੰ ਖ੍ਰੀਦਣ ਤੋਂ ਅਸਮਰੱਥ ਹੁੰਦੀਆਂ ਹਨ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਇਸ ਨਾਲ ਮੰਡੀਆਂ ਵਿੱਚ ਤਣਾਅ ਪੈਦਾ ਹੁੰਦਾ ਹੈ ਅਤੇ ਕਈ ਵਾਰ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਜਾਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।ਡਿਪਟੀ ਕਮਿਸ਼ਨਰ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਪਰਹੇਜ਼ ਕਰਨ ਕਿਉਂਕਿ ਇਸ ਨਾਲ ਕੋਰੋਨਾ ਮਹਾਂਮਾਰੀ ਹੋਰ ਵਿਕਰਾਲ ਰੂਪ ਧਾਰਣ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ, ਪਸ਼ੂਆਂ, ਦਰੱਖਤਾਂ ਆਦਿ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ, ਖੇਤਾਂ ਦੀ ਅੱਗ ਵਿਚੋਂ ਨਿਕਲਣ ਵਾਲਾ ਧੂੰਆਂ ਕੋਰੋਨਾ ਪੀੜਤ ਰੋਗੀਆਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਕਿਉਂਕਿ ਜ਼ਿਆਦਾਤਰ ਰੋਗੀ ਸਾਹ ਸਬੰਧੀ ਬਿਮਾਰੀਆਂ ਨਾਲ ਪ੍ਰਭਾਵਿਤ ਹਨ।ਇਹ ਹੁਕਮ 1 ਅਕਤੂਬਰ ਤੋਂ 30 ਨਵੰਬਰ 2020 ਤੱਕ ਲਾਗੂ ਰਹਿਣਗੇ।