- ਲੋੜਵੰਦ ਆਸਾਨੀ ਨਾਲ ਕਿੱਟਾਂ ਪ੍ਰਾਪਤ ਕਰਨ ਲਈ ਬਾਗਬਾਨੀ ਵਿਭਾਗ ਨਾਲ ਕਰਨ ਸੰਪਰਕ – ਡਾ.ਜਗਦੇਵ ਸਿੰਘ
ਲੁਧਿਆਣਾ, (ਸੰਜੇ ਮਿੰਕਾ) – ਬਾਗਬਾਨੀ ਵਿਭਾਗ ਪੰਜਾਬ ਵੱਲੋਂ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਘਰੇਲੂ ਬਗੀਚੀ ਲਈ ਵੱਖ-ਵੱਖ ਤਰ੍ਹਾਂ ਦੇ ਸਰਦ ਰੁੱਤ ਦੇ ਸਬਜੀ ਬੀਜਾਂ ਦੀਆਂ ਮਿੰਨੀ ਕਿੱਟਾਂ ਜਿਸ ਵਿੱਚ ਮੂਲੀ ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ ਆਦਿ ਦੇ ਬੀਜ ਸ਼ਾਮਿਲ ਹਨ, ਤਿਆਰ ਕਰਕੇ ਵੰਡੀਆਂ ਜਾ ਰਹੀਆਂ ਹਨ। ਇਹ ਸਬਜੀ ਬੀਜ ਦੀ ਇੱਕ ਮਿੰਨੀ ਕਿੱਟ ਲਗਭੱਗ 4 ਮਰਲੇ ਲਈ ਕਾਫੀ ਹੈ। ਜਿਸ ਨਾਲ ਪਰਿਵਾਰ ਦੇ 6 ਮਹੀਨਿਆਂ ਦੀ ਸਬਜੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ।ਇਸ ਸਬਜੀ ਬੀਜ ਦੀ ਕਿੱਟ ਦਾ ਸਰਕਾਰੀ ਰੇਟ 80/-ਰੁਪਏ ਪ੍ਰਤੀ ਕਿੱਟ ਰਖਿਆ ਗਿਆ ਹੈ। ਇਹ ਸਬਜੀ ਬੀਜਾਂ ਦੀਆਂ ਮਿੰਨੀ ਕਿੱਟਾਂ ਤੰਦਰੁਸਤ ਪੰਜਾਬ ਮਿਸ਼ਨ ਸਕੀਮ ਤਹਿਤ ਅਤੇ ਨਿਊਟ੍ਰੀਸ਼ਨ ਸਕੀਮ ਅਧੀਨ ਵੱਖ-ਵੱਖ ਬਲਾਕਾਂ ਨੂੰ ਵੰਡੀਆਂ ਗਈਆਂ। ਇਸ ਨਾਲ ਜਿਥੇ ਘਰੇਲੂ ਸਬਜੀ ਦੀ ਖਪਤ ਪੂਰੀ ਹੋਵੇਗੀ ਅਤੇ ਬਿਨਾਂ ਜਹਿਰਾਂ ਅਤੇ ਸਪਰੇਆਂ ਤੋਂ ਸਬਜੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਬਾਗਬਾਨੀ ਵਿਭਾਗ ਵੱਲੋਂ ਸਰਦ ਰੁੱਤ ਦੇ ਇਹਨਾਂ ਸਬਜੀ ਬੀਜਾਂ ਦੀਆਂ ਮਿੰਨੀ ਕਿੱਟਾਂ ਤੋਂ ਇਲਾਵਾ ਫੁੱਲਾ ਦੇ ਬੀਜਾਂ ਦੀ ਮਿੰਨੀ ਕਿੱਟ ਜਿਸ ਦੀ ਕੀਮਤ ਨਾ-ਮਾਤਰ 50/-ਰੁਪਏ ਪ੍ਰਤੀ ਕਿੱਟ ਹੈ, ਵੀ ਤਿਆਰ ਕਰਵਾਈਆਂ ਗਈਆਂ ਹਨ। ਇਹਨਾਂ ਨਾਲ ਫੁੱਲ ਉਗਾ ਕੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ।ਡਾ: ਜਗਦੇਵ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਵੱਲੋਂ ਦੱਸਿਆ ਗਿਆ ਜਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ਵਿੱਚ ਇਹ ਮਿੰਨੀ ਕਿੱਟਾਂ ਭੇਜੀਆਂ ਜਾ ਚੁੱਕੀਆਂ ਹਨ। ਲੋੜਵੰਦ ਬਾਗਬਾਨੀ ਵਿਭਾਗ ਨਾਲ ਸਪੰਰਕ ਕਰਕੇ ਇਹ ਕਿੱਟਾਂ ਬਹੁਤ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ।