Friday, July 4

ਪੰਜਾਬ ਸਰਕਾਰ ਵੱਲੋਂ ਚੌਪਰ ਮਸ਼ੀਨਾਂ ‘ਤੇ ਸਬਸਿਡੀ ਦੇਣ ਦਾ ਐਲਾਨ

ਲੁਧਿਆਣਾ, (ਸੰਜੇ ਮਿੰਕਾ) – ਡੇਅਰੀ ਫਾਰਮਿੰਗ ਦੇ ਖੇਤਰ ਵਿਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਨੇ ਚਾਰਾ ਚੌਪਰ ਮਸ਼ੀਨਾਂ ‘ਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰ.ਦਿਲਬਾਗ ਸਿੰਘ ਹਾਂਸ ਨੇ ਦੱਸਿਆ ਕਿ ਇਸ ਸਕੀਮ ਤਹਿਤ ਆਮ ਸ਼੍ਰੇਣੀਆਂ ਦੇ ਦੁੱਧ ਉਤਪਾਦਕਾਂ ਨੂੰ 50,000 ਰੁਪਏ ਅਤੇ ਅਨੁਸੂਚਿਤ ਜਾਤੀਆਂ ਦੇ ਦੁੱਧ ਉਤਪਾਦਕਾਂ ਨੂੰ ਚਾਰਾ ਕੱਟਣ ਵਾਲੀਆਂ ਮਸ਼ੀਨਾਂ ‘ਤੇ 63,000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਫੈਲਣ ਕਾਰਨ ਕਿਸਾਨਾਂ ਨੂੰ ਆਪਣੇ ਨਿੱਤ ਦੇ ਕੰਮਾਂ ਲਈ ਲੇਬਰ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਆਧੁਨਿਕ ਮਸ਼ੀਨਾਂ ਖੇਤਾਂ ਵਿਚੋਂ ਚਾਰੇ ਨੂੰ ਸਿੱਧਾ ਵੱਢ-ਕੁੱਤਰ ਕੇ ਕਿਸਾਨਾਂ ਦੀਆਂ ਮੁਸ਼ਿਕਲਾਂ ਨੂੰ ਘਟਾਉਣਗੀਆਂ। ਡਿਪਟੀ ਡਾਇਰੈਕਟਰ ਦਿਲਬਾਗ ਹਾਂਸ ਨੇ ਦੱਸਿਆ ਕਿ ਚਾਹਵਾਨ ਕਿਸਾਨ ਡੇਅਰੀ ਵਿਕਾਸ ਵਿਭਾਗ ਦੇ ਦਫਤਰ 598 ਐਲ, ਮਾਡਲ ਟਾਊਨ ਲੁਧਿਆਣਾ ਵਿਖੇ ਸੰਪਰਕ ਕਰ ਸਕਦੇ ਹਨ ਜਾਂ ਇਸ ਸਕੀਮ ਤਹਿਤ ਲਾਭ ਲੈਣ ਲਈ ਫੋਨ ਨੰਬਰ 0161-2400223 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਕੋਲ ਘੱਟੋ ਘੱਟ 10 ਦੁਧਾਰੂ ਪਸ਼ੂ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਵੱਲੋਂ ਵਿਭਾਗ/ਗਡਵਾਸੂ ਤੋਂ ਡੇਅਰੀ ਕਾਰੋਬਾਰ ਦੀ ਸਿਖਲਾਈ ਵੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਚਾਰਾ ਚੌਪਰ ਮਸ਼ੀਨਾਂ ਨਾਲ ਕਿਸਾਨਾਂ ਦੇ ਪਸ਼ੂਆਂ ਦੇ ਚਾਰੇ ਦੀ ਗੁਣਵੱਤਾ ਵਿਚ ਸੁਧਾਰ ਆਵੇਗਾ। ਇਨ੍ਹਾਂ ਆਧੁਨਿਕ ਮਸ਼ੀਨਾ ਰਾਹੀਂਂ ਘਾਹ, ਮੱਕੀ ਅਤੇ ਹੋਰ ਚਾਰੇ ਨੂੰ ਕੁਤਰਿਆ ਜਾਂਦਾ ਹੈ ਅਤੇ ਇਹ ਤਕਨੀਕ ਸਿਲੇਜ ਬਣਾਉਣ ਲਈ ਵੀ ਲਾਹੇਵੰਦ ਹੈ। ਇਹ ਸਵੈਚਾਲਿਤ ਮਸ਼ੀਨਾਂ ਲਾਈਨਾ ਵਿੱਚ ਬੀਜੀ ਫਸਲਾਂ ਨੂੰ ਕੱਟਦੀਆਂ ਹਨ ਅਤੇ ਸਿੱਧੇ ਕੱਟੇ ਹੋਏ ਚਾਰੇ ਨੂੰ ਟਰਾਲੀਆਂ ਵਿਚ ਪਾ ਦਿੰਦੀਆਂ ਹਨ ਜਿਸ ਦੇ ਨਤੀਜੇ ਵਜੋਂ ਚਾਰੇ ਦੀ ਕਟਾਈ ਦੇ ਰਵਾਇਤੀ ਢੰਗ ਦੀ ਤੁਲਨਾ ਵਿਚ ਘੱਟ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ।

About Author

Leave A Reply

WP2Social Auto Publish Powered By : XYZScripts.com