Monday, August 17

ਵਧੀਕ ਡਿਪਟੀ ਕਮਿਸ਼ਨਰ (ਵਿ) ਵੱਲੋਂ ਵਸਨੀਕਾਂ ਨੂੰ ਵੱਧ ਤੋਂ ਵੱਧ ਟੈਸਟ ਕਰਾਉਣ ਦੀ ਅਪੀਲ ਕੋਰਾਨਾ ਮਹਾਂਮਾਰੀ ਚਰਮ ਸੀਮਾ ‘ਤੇ ਹੈ, ਸਾਨੂੰ ਹੋਰ ਵੀ ਜ਼ਿਆਦਾ ਸਾਵਧਾਨੀਆਂ ਦੀ ਜ਼ਰੂਰਤ ਹੈ – ਸੰਦੀਪ ਕੁਮਾਰ

  • ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ

ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਰਾਨਾ ਮਹਾਂਮਾਰੀ ਚਰਮ ਸੀਮਾ (Peak) ‘ਤੇ ਹੈ ਜਿਸ ਲਈ ਸਾਨੂੰ ਹੋਰ ਵੀ ਜ਼ਿਆਦਾ ਸਾਵਧਾਨੀਆਂ ਦੀ ਜ਼ਰੂਰਤ ਹੈ।ਉਨ੍ਹਾ ਕਿਹਾ ਕਿ ਕੁੱਝ ਲੋਕਾਂ ਦੀ ਧਾਰਨਾ ਹੈ ਕਿ ਇਸ ਕੋਰੋਨਾ ਬਿਮਾਰੀ ਦੀ ਕੋਈ ਵੀ ਦਵਾਈ ਨਹੀਂ ਬਣੀ ਹੈ, ਇਹ ਬਿਲਕੁਲ ਸੱਚ ਹੈ ਪਰ ਸ਼ੁਰੂਆਤੀ ਦੌਰ ਵਿਚ ਕੋਰੋਨਾ ਪੋਜ਼ਟਿਵ ਪਾਏ ਜਾਣ ‘ਤੇ ਕਾਫੀ ਹੱਦ ਤੱਕ ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ।ਉਨ੍ਹਾਂ ਇਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਹੁਣ ਘਰ ਵਿੱਚ ਇਕਾਂਤਵਾਸ ਹੋਣਾ ਬਹੁਤ ਹੀ ਆਸਾਨ ਹੋ ਗਿਆ ਹੈ। ਕੋਈ ਵੀ ਕੋਰੋਨਾ ਪੋਜ਼ਟਿਵ ਮਰੀਜ਼ ਇੱਕ ਸਵੈ-ਘੋਸ਼ਣਾ ਪੱਤਰ ਰਾਹੀਂ ਇਹ ਸਪਸ਼ਟ ਕਰੇ ਕਿ ਉਸ ਦੇ ਘਰ ਵਿੱਚ ਇਕਾਂਤਵਾਸ ਹੋਣ ਲਈ ਲੋੜੀਂਦੀਆਂ ਸਹੂਲਤਾਂ ਮੌਜੂਦ ਹਨ, ਇਸ ਤੋਂ ਬਾਅਦ ਵਿਅਕਤੀ ਆਪਣੇ ਘਰ ‘ਚ ਇਕਾਂਤਵਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਇਕਾਂਤਵਾਸ ਹੋਣ ਸਮੇਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੂਰਾ ਸਹਿਯੋਗ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸਾਸ਼ਨ ਦੇ ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੰਬਰਾਂ ‘ਤੇ ਫੋਨ ਕਰਕੇ ਕੋਵਿਡ ਦੇ ਇਲਾਜ਼ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।ਉਨ੍ਹਾਂ ਕੋਵਿਡ ਟੈਸਟ ਕਰਵਾਉਣ ਸਬੰਧੀ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਇਹ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਇਹ ਟੈਸਟ ਕਰਵਾਉਣ ਤੋਂ ਬਾਅਦ ਕੋਰੋਨਾ ਟੈਸਟ ਪੋਜ਼ਟਿਵ ਆਉਣ ਦੀ ਸੂਰਤ ਵਿਚ ਤੁਰੰਤ ਇਲਾਜ਼ ਨਾਲ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਕੋਵਿਡ ਪੋਜ਼ਟਿਵ ਮਰੀਜ਼ ਘਰ ਵਿਚ ਬੈਠੇ ਰਹਿੰਦੇ ਹਨ ਅਤੇ ਆਪਣਾ ਇਲਾਜ਼ ਨਹੀਂ ਕਰਵਾਉਂਦੇ ਜਿਸ ਕਾਰਨ ਕਈ ਵਾਰ ਉਨ੍ਹਾਂ ਦਾ ਆਕਸੀਜ਼ਨ ਲੈਵਲ ਕਾਫੀ ਘੱਟ ਜਾਂਦਾ ਹੈ ਜਿਸ ਨਾਲ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।ਉਨ੍ਹਾਂ ਟੈਸਟ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰੋਨਾ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ ਅਤੇ ਨਿੱਜੀ ਹਸਪਤਾਲਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਤ ਕੀਤੇ ਤੈਅ ਰੇਟਾਂ ‘ਤੇ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਇੱਕੋ ਜਿਹਾ ਇਲਾਜ਼ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਅਪੀਲ ਕੀਤੀ ਕਿ ਕਿਸੇ ਖਾਸ ਹਸਪਤਾਲ ਜਾਣ ਦੀ ਬਜਾਏ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਵੀ ਇਲਾਜ਼ ਕਰਵਾਇਆ ਜਾ ਸਕਦਾ ਹੈ।ਉਨ੍ਹਾ ਮਾਸਕ ਸਬੰਧੀ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਕਿਸੇ ਖਾਸ ਕਿਸਮ ਦਾ ਮਾਸਕ ਪਹਿਨਣਾ ਜ਼ਰੂਰੀ ਨਹੀਂ ਹੈ। ਇੱਕ ਸਾਧਾਰਨ ਕਪੜੇ ਦਾ ਮਾਸਕ ਜਿਸ ਨਾਲ ਮੂੰਹ ਤੇ ਨੱਕ ਚੰਗੀ ਤਰ੍ਹਾਂ ਢੱਕਿਆ ਜਾ ਸਕੇ ਵੀ ਪਾਇਆ ਜਾ ਸਕਦਾ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਵਸਨੀਕਾਂ ਨੂੰ ਵਿਸ਼ੇਸ਼ ਤੌਰ ‘ਤੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਟੈਸਟ ਕਰਵਾਓ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਕਰੋ।

About Author

Leave A Reply

WP2Social Auto Publish Powered By : XYZScripts.com